ਚੰਡੀਗੜ੍ਹ: ਚੰਡੀਗੜ੍ਹ ਨਾਲ ਲੱਗਦੇ ਨਵਾਂਗਾਓਂ ਵਿੱਚ ਇੱਕ ਨੌਜਵਾਨ ’ਤੇ ਕੁਝ ਬਦਮਾਸ਼ਾਂ ਨੇ ਉਸ ਦੇ ਘਰ ਦੇ ਬਾਹਰ ਹੀ ਗੋਲ਼ੀਆਂ ਚਲਾ ਦਿੱਤੀਆਂ। ਹਮਲੇ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਮਲੇ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ ਸੌਰਭ (23) ਉਰਫ਼ ਮੈਂਡੀ ਵਜੋਂ ਹੋਈ ਹੈ ਜੋ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਰਿਸਰਚ ਵਿੱਚ ਠੇਕੇ ’ਤੇ ਸਫਾਈ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਹਮਲਾਵਰ ਉਸ ਦੇ ਗਲ਼ੇ ਦੀ ਚੇਨ ਤੇ ਪੈਸੇ ਵੀ ਖੋਹ ਕੇ ਲੈ ਗਏ। ਮ੍ਰਿਤਕ ਸੌਰਭ ਦੇ ਭਰਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਤਿੰਨ ਪਹਿਲਾਂ ਉਸ ਦੀ ਅਕਾਸ਼ ਨਾਲ ਲੜਾਈ ਹੋਈ ਸੀ ਤੇ ਅਕਾਸ਼ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਅਕਾਸ਼ ਇਲਾਕੇ ਦੇ ਲੋਕਾਂ ਨਾਲ ਅਕਸਰ ਲੜਦਾ ਰਹਿੰਦਾ ਸੀ। ਉਸ ’ਤੇ ਪਹਿਲਾਂ ਵੀ ਕਈ ਕਈ ਕੇਸ ਦਰਜ ਹਨ। ਇਸ ਸਬੰਧੀ ਡੀਐਸਪੀ ਸਿਟੀ ਇੱਕ ਵਿਜੈ ਆਲਮ ਨੇ ਕਿਹਾ ਕਿ ਮਾਮਲੇ ਵਿੱਚ ਅਕਾਸ਼ ਤੇ ਦੋ ਹੋਰ ਜਣਿਆਂ ਕਤਲ ਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਆਈਏ ਤੇ ਪੁਲਿਸ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ਼ ਲਈ ਛਾਪੇਮਾਰੀ ਕਰ ਰਹੀਆਂ ਹਨ। ਨਵਾਂਗਾਓਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਹਿਮਾਚਲ ਤੇ ਹਰਿਆਣਾ ਨੂੰ ਵੀ ਇਸ ਸਬੰਧੀ ਅਲਰਟ ਭੇਜਿਆ ਹੈ। ਸੂਤਰਾਂ ਮੁਤਾਬਕ ਹਮਲਾ ਪੁਰਾਣੀ ਰੰਜ਼ਿਸ਼ ਕਰਕੇ ਕੀਤੀ ਗਿਆ ਜਾਪਦਾ ਹੈ।