CM Channi VS Governor: ਪੰਜਾਬ ਦੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਹਮਣੇ-ਸਾਹਮਣੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ 36 ਹਜ਼ਾਰ ਮੁਸਾਜ਼ਮਾਂ ਨੂੰ ਪੱਕਾ ਕਰਨ 'ਤੇ ਬ੍ਰੇਕ ਲੱਗ ਗਈ ਹੈ ਕਿਉਂਕਿ ਅਗਲੇ ਕੁਝ ਹੀ ਦਿਨਾਂ ਅੰਦਰ ਚੋਣ ਜ਼ਬਤਾ ਲੱਗਣ ਵਾਲਾ ਹੈ। ਉਧਰ, ਮੁਲਾਜ਼ਮਾਂ ਨੇ ਅੱਜ ਮੋਰਚਾ ਖੋਲ੍ਹਦਿਆਂ ਖੰਨਾ ਵਿੱਚ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ।
ਦੱਸ ਦਈਏ ਕਿ ਸੀਐਮ ਚੰਨੀ ਵੱਲੋਂ ਰਾਜਪਾਲ ‘ਤੇ ਭਾਜਪਾ ਦੇ ਦਬਾਅ ਹੇਠ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ ਇਲਜ਼ਾਮ ਲਗਾਏ ਹਨ। ਉੱਥੇ ਹੀ ਰਾਜਪਾਲ ਨੇ ਵੀ ਸੀਐਮ ਚੰਨੀ ਨੂੰ ਜਵਾਬ ਦਿੱਤਾ ਹੈ ਤੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਉਸ ਫਾਈਲ ਦੀਆਂ ਖਾਮੀਆਂ ਦੂਰ ਨਹੀਂ ਕੀਤੀਆਂ ਗਈਆਂ। ਇਸ ਸਭ ਦੇ ਵਿਚਾਲੇ ਮੁਲਾਜ਼ਮਾਂ ਦੇ ਸਾਹ ਸੂਤੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਏਗੀ।
ਦੱਸ ਦਈਏ ਕਿ ਅੱਜ ਮੁੱਖ ਮੰਤਰੀ ਚੰਨੀ ਅਫਸਰਾਂ ਦੀ ਟੀਮ ਸਮੇਤ ਰਾਜਪਾਲ ਨੂੰ ਮਿਲਣ ਜਾ ਸਕਦੇ ਹਨ ਜਿਸ ‘ਚ ਫਾਈਲ ਦੀਆਂ ਇਨ੍ਹਾਂ ਤਰੁਟੀਆਂ ਬਾਰੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਚੋਣਾਂ ਨੇੜੇ ਹਨ ਤੇ ਅਜਿਹੇ ‘ਚ ਸੀਐੱਮ ਚੰਨੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਇਸ ਫੈਸਲੇ ਨੂੰ ਲਾਗੂ ਕਰਵਾ ਕੇ ਚੁਣਾਵੀ ਲਾਭ ਲੈਣਾ ਚਾਹੰਦੇ ਹਨ। ਇਹ ਵੀ ਦੱਸ ਦਈਏ ਕਿ ਸੀਐਮ ਚੰਨੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਫਾਈਲ ਕਲੀਅਰ ਨਹੀਂ ਕੀਤੀ ਗਈ ਤਾਂ ਉਹ ਮੰਤਰੀਆਂ ਸਮੇਤ ਰਾਜ ਭਵਨ ਬਾਹਰ ਧਰਨੇ ‘ਤੇ ਬੈਠ ਜਾਣਗੇ।
ਸੀਐੱਮ ਚੰਨੀ ਵੱਲੋਂ ਪ੍ਰੈੱਸ ਵਾਰਤਾ ਦੌਰਾਨ ਇਲਜ਼ਾਮ ਲਾਏ ਗਏ ਸੀ ਕਿ ਉਨ੍ਹਾਂ ਵੱਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ ਹੈ ਪਰ ਇਹ ਫਾਈਲ ਗਵਰਨਰ ਵੱਲੋਂ ਰੋਕੀ ਗਈ ਹੈ ਜਿਸ ਤੋਂ ਬਾਅਦ 2 ਵਾਰ ਮੁੱਖ ਸਕੱਤਰ ਵੀ ਗਵਰਨਰ ਕੋਲ ਜਾ ਆਏ ਹਨ ਪਰ ਫਿਰ ਵੀ ਫਾਈਲ ਪਾਸ ਨਹੀਂ ਕੀਤੀ ਗਈ ਜਿਸ ਤੋਂ ਸਪੱਸ਼ਟ ਹੈ ਕਿ ਰਾਜਨੀਤਕ ਦਬਾਅ ‘ਚ ਇਹ ਫਾਈਲ ਰੋਕੀ ਗਈ ਹੈ।
ਇਸ ਦੇ ਜਵਾਬ ‘ਚ ਗਵਰਨਰ ਪੁਰੋਹਿਤ ਨੇ ਸੀਐਮ ਚੰਨੀ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਗਲਤ ਦੱਸਿਆ ਸੀ ਤੇ ਕਿਹਾ ਸੀ ਕਿ ਫਾਈਲ ਨੂੰ 6 ਸਵਾਲਾਂ ਸਮੇਤ ਵਾਪਸ ਕੀਤਾ ਗਿਆ ਹੈ ਤੇ ਸੀਐਮ ਨੂੰ ਸਲਾਹ ਦਿੱਤੀ ਕਿ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ। ਗਵਰਨਰ ਨੇ ਕਿਹਾ ਕਿ ਵਿਧਾਨਸਭਾ ‘ਚ ਬਿੱਲ ਪਾਸ ਹੋਣ ਤੋਂ 20 ਦਿਨ ਬਾਅਦ ਰਾਜਪਾਲ ਨੂੰ ਭੇਜੀ ਗਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490