ਅੰਮ੍ਰਿਤਸਰ: ਐਨੀਮੇਟਿਡ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਨੂੰ ਬ੍ਰੇਕ ਲੱਗ ਗਈ ਹੈ। ਇਸ ਬਾਰੇ ਜਾਂਚ ਲਈ ਬਣਾਈ ਗਈ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੂੰ ਕਈ ਕਈ ਕਮੀਆਂ ਲੱਭੀਆਂ ਹਨ। ਕਮੇਟੀ ਨੇ ਆਪਣੀ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ। ਹੁਣ ਅਗਲਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏਗਾ।


ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ 'ਤੇ ਵਿਵਾਦ ਮਗਰੋਂ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਈ ਸੀ। ਕਮੇਟੀ ਵਿੱਚ ਬੀਬੀ ਕਿਰਨਜੋਤ ਕੌਰ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਦਿੱਲੀ ਤੋਂ ਮਨਮੋਹਨ ਸਿੰਘ ਤੇ ਕੋਆਰਡੀਨੇਟਰ ਸਿਮਰਜੀਤ ਸਿੰਘ ਸ਼ਾਮਲ ਸਨ।

ਸੋਮਵਾਰ ਨੂੰ ਹੋਈ ਕਮੇਟੀ ਦੀ ਮੀਟਿੰਗ ਵਿੱਚ ਮੁੜ ਸੋਧੀ ਫਿਲਮ ਦੇਖੀ ਗਈ। ਕਮੇਟੀ ਨੇ ਇਸ ਵਿੱਚ ਵੀ ਕੁਝ ਇਤਰਾਜ਼ ਲੱਭੇ। ਫਿਲਮ ਨਿਰਮਾਤਾ ਤੇ ਪ੍ਰਬੰਧਕਾਂ ਨੂੰ ਸਬ ਕਮੇਟੀ ਨੇ ਇਹ ਇਤਰਾਜ਼ ਤੁਰੰਤ ਦੂਰ ਕਰਨ ਲਈ ਆਖਿਆ ਹੈ। ਕੁਝ ਦਿਨ ਪਹਿਲਾਂ ਵੀ ਸਬ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਕਮੇਟੀ ਮੈਂਬਰਾਂ ਨੇ ਇਹ ਫਿਲਮ ਦੇਖੀ ਸੀ।

ਫਿਲਮ ਵਿੱਚ ਮੁੱਖ ਇਤਰਾਜ਼ ਛੇਵੇਂ ਪਾਤਸ਼ਾਹ ਨੂੰ ਐਨੀਮੇਟਿਡ ਰੂਪ ਵਿੱਚ ਦਿਖਾਉਣ ’ਤੇ ਜਤਾਇਆ ਗਿਆ ਸੀ। ਕਮੇਟੀ ਮੈਂਬਰਾਂ ਨੇ ਇਹ ਇਤਰਾਜ਼ ਫਿਲਮ ਪ੍ਰਬੰਧਕਾਂ ਨੂੰ ਦੂਰ ਕਰਨ ਵਾਸਤੇ ਆਖਿਆ ਸੀ, ਜਿਸ ਨੂੰ ਹੁਣ ਦੂਰ ਕਰ ਦਿੱਤਾ ਗਿਆ ਹੈ। ਹੁਣ ਫਿਲਮ ਵਿੱਚ ਗੁਰੂ ਸਾਹਿਬ ਦੀ ਤਸਵੀਰ ਜਾਂ ਐਨੀਮੇਟਿਡ ਰੂਪ ਦੀ ਥਾਂ ਜੋਤ ਦਿਖਾਈ ਗਈ ਹੈ। ਇਹ ਫਿਲਮ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਸਮੇਂ ਦੀ ਦਾਸਤਾਨ ਨੂੰ ਦਰਸਾਉਂਦੀ ਹੈ।

ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਫਿਲਮ ਨੂੰ ਦੋ ਵਾਰ ਦੇਖਣ ਮਗਰੋਂ ਤੇ ਇਸ ਸਬੰਧੀ ਇਤਰਾਜ਼ ਬਾਰੇ ਮੁਕੰਮਲ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਹੈ। ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਸਬ ਕਮੇਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਜਾਂ ਐਨੀਮੇਸ਼ਨ ਨੂੰ ਕਿਸੇ ਵੀ ਰੂਪ ਵਿੱਚ ਨਹੀਂ ਦਿਖਾਇਆ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਫਿਲਮ ਵਿਚ ਇਤਿਹਾਸਕ ਤੇ ਕਲਾ ਦੇ ਪੱਖ ਤੋਂ ਕੁਝ ਤਰੁੱਟੀਆਂ ਰਹਿ ਗਈਆਂ ਹਨ। ਪ੍ਰਬੰਧਕਾਂ ਨੂੰ ਇਹ ਤਰੁੱਟੀਆਂ ਦੂਰ ਕਰਨ ਵਾਸਤੇ ਆਖਿਆ ਗਿਆ ਹੈ। ਇਸ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪ ਦਿੱਤੀ ਹੈ। ਹੁਣ ਇਸ ਸਬੰਧੀ ਅਗਲਾ ਫ਼ੈਸਲਾ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੀਤਾ ਜਾਵੇਗਾ।