ਚੰਡੀਗੜ੍ਹ: ਵਿਜੇ ਸਿੰਗਲਾ ਦੀ ਬਰਖਾਸਤਗੀ ਮਗਰੋਂ ਭਗਵੰਤ ਮਾਨ ਖ਼ੁਦ ਹੀ ਸਿਹਤ ਮੰਤਰਾਲਾ ਸੰਭਾਲਣਗੇ।ਪੰਜਾਬ ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ ਹੋਵੇਗਾ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸਤਾਰ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ ਸਿਹਤ ਮੰਤਰਾਲੇ ਦੀ ਦੇਖਭਾਲ ਕਰਨਗੇ। ਕਿਸੇ ਹੋਰ ਮੰਤਰੀ ਨੂੰ ਇਹ ਚਾਰਜ ਨਹੀਂ ਦਿੱਤਾ ਜਾਵੇਗਾ। ਮਾਨ ਦੇ ਇਸ ਫੈਸਲੇ ਨੂੰ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਸ਼ੁਰੂ ਕਰਨ ਨਾਲ ਜੋੜਿਆ ਜਾ ਰਿਹਾ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਇਸ ਸਬੰਧੀ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਸੀ।


ਸੀਐਮ ਭਗਵੰਤ ਮਾਨ ਵੱਲੋਂ ਸਿਹਤ ਮੰਤਰਾਲਾ ਸੰਭਾਲਣ ਦੇ ਫੈਸਲੇ ਨੇ ਅਧਿਕਾਰੀਆਂ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਖਾਸ ਤੌਰ 'ਤੇ ਜਿਹੜੇ ਲੋਕ ਪਿਛਲੇ ਢਾਈ ਮਹੀਨਿਆਂ ਤੋਂ ਸਿੰਗਲਾ ਦੇ ਨਜ਼ਦੀਕ ਸਨ, ਉਨ੍ਹਾਂ ਨੂੰ ਹੱਥ-ਪੈਰ ਮਾਰਨ ਲੱਗ ਪਏ ਹਨ। ਸੀਐਮ ਮਾਨ ਇਸ ਮਾਮਲੇ ਵਿੱਚ ਸਿਰਫ਼ ਮੰਤਰੀ ਅਤੇ ਉਨ੍ਹਾਂ ਦੇ ਓਐਸਡੀ ਤੱਕ ਸੀਮਤ ਨਹੀਂ ਰਹਿਣਗੇ। ਉਹ ਅਧਿਕਾਰੀ ਵੀ ਮਾਮਲੇ ਵਿੱਚ ਫੜੇ ਜਾਣਗੇ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਵਿੱਚ ਮੰਤਰੀ ਦਾ ਸਾਥ ਦਿੱਤਾ ਸੀ। ਉਸਨੂੰ ਹਰ ਕੰਮ ਲਈ 1% ਕਮਿਸ਼ਨ ਦੇ ਰੂਪ ਵਿੱਚ 'ਸ਼ੁਕਰਾਨਾ' ਦਿੱਤਾ ਜਾਂਦਾ ਸੀ।


ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ OSD ਪ੍ਰਦੀਪ ਨੂੰ ਵੀ 27 ਮਈ ਤਕ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਦੌਰਾਨ ਵਿਜੇ ਸਿੰਗਲਾ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਕਿਹਾ ਕਿ ਇਹ ਸਾਜ਼ਿਸ਼ ਹੈ ਪਾਰਟੀ ਨੂੰ ਬਦਨਾਮ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣਾਂ ਜਿੱਤਣ ਮਗਰੋਂ ਮਾਨ ਸਰਕਾਰ ਲਗਾਤਾਰ ਵੱਡੇ ਐਕਸ਼ਨ ਕਰ ਰਹੀ ਹੈ। ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇ ਹੀ ਭ੍ਰਿਸ਼ਟ ਮੰਤਰੀ ਨੂੰ ਕੈਬਨਿਟ 'ਚ ਬਰਖਾਸਤ ਕਰ ਦਿੱਤਾ ਹੈ। ਇਸ ਫੈਸਲੇ ਦੀ ਹਰ ਪਾਸੇ ਤਾਰੀਫ ਕੀਤੀ ਜਾ ਰਹੀ ਹੈ।


ਜਾਣੋ ਕੀ ਹੈ ਮਾਮਲਾ


58 ਕਰੋੜ ਦੇ ਕੰਮ ਦੇ ਮਾਮਲੇ 'ਚੋਂ ਵਿਜੇ ਸਿੰਗਲਾ ਤੇ ਓਐਸਡੀ ਨੇ ਵੀ 1 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਵੀ ਐਕਸ਼ਨ ਦੇ ਮੋਡ ਵਿੱਚ ਆ ਗਈ ਹੈ। ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ।  ਕੁਝ ਸਮਾਂ ਪਹਿਲਾਂ ਹੀ ਭਗਵੰਤ ਮਾਨ ਨੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਸੀ।