ਰਵਨੀਤ ਕੌਰ ਦੀ ਰਿਪੋਰਟ, Chandigarh Mayor Election : ਚੰਡੀਗੜ੍ਹ ਮੇਅਰ ਚੋਣ ਲਈ ਮਤਦਾਨ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਸਿਟੀ ਆਫ ਬਿਊਟੀਫੁੱਲ ਚੰਡੀਗੜ੍ਹ ਦੀ ਮੇਅਰ ਬੀਜੇਪੀ ਦੀ ਸਰਬਜੀਤ ਕੌਰ ਬਣੀ ਹੈ ਜਿਸ ਨੇ 14 ਵੋਟਾਂ ਹਾਸਲ ਕੀਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਆਪ  ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।


ਜ਼ਿਕਰਯੋਗ ਹੈ ਇਸ ਦੌਰਾਨ ਇਕ ਬੈਲੇਟ ਪੇਪਰ ਫੱਟਿਆ ਮਿਲਿਆ ਜਿਸ ਕਾਰਨ ਉਨ੍ਹਾਂ ਦੀ ਇਕ ਸੀਟ ਰੱਦ ਕਰ ਦਿੱਤੀ ਗਈ। ਜਿਸ ਦਾ ਆਪ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ  ਭਾਜਪਾ ਦੀ ਸਰਬਜੀਤ ਕੌਰ ਨੂੰ ਸਭ ਤੋਂ ਜ਼ਿਆਦਾ 14 ਵੋਟਾਂ ਪਈਆਂ, ਆਮ ਆਦਮੀ ਪਾਰਟੀ ਦੀ ਅੰਜੂ ਕਟਿਆਲ ਨੂੰ 13 ਜਦਕਿ ਇਕ ਵੋਟ ਰੱਦ ਹੋ ਗਈ। 


ਇਸ ਤੋਂ ਪਹਿਲਾਂ 11 ਵਜੇ ਤੋਂ ਸਾਰੇ ਕੌਂਸਲਰ ਵੋਟਿੰਗ ਲਈ ਨਗਰ ਨਿਗਮ ਪਹੁੰਚ ਗਏ ਸਨ। ਚੋਣਾਂ ਲਈ ਕੁੱਲ 28 ਵੋਟਾਂ ਪਈਆਂ ਹਨ, ਜਿਨ੍ਹਾਂ ਵਿਚ 14 ਕੌਂਸਲਰ ਆਪ, 13 ਕੌਂਸਲਰ ਭਾਜਪਾ ਅਤੇ ਇਕ ਐੱਮਪੀ ਕਿਰਨ ਖੇਰ ਸ਼ਾਮਲ ਸੀ।


ਇਸ 'ਚ ਕਾਂਗਰਸ ਤੇ ਅਕਾਲੀ ਦਲ ਵੋਟਿੰਗ 'ਚ ਸ਼ਾਮਲ ਨਹੀਂ ਹੋਇਆ। ਆਮ ਆਦਮੀ ਪਾਰਟੀ ਵੱਲੋਂ ਹੰਗਾਮਾ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਧੱਕਾਮੁੱਕੀ ਕੀਤੀ ਜਾ ਰਹੀ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਆਪ ਕੌਸਲਰਾਂ ਨੂੰ ਪਿੱਛੇ ਹਟਾਉਣ ਲਈ ਪੁਲਿਸ ਬੁਲਾਈ ਗਈ ਹੈ।

ਮੇਅਰ ਦੀ ਕੁਰਸੀ ਦੇ ਆਲੇ
-ਦੁਆਲੇ ਬੈਠੇ ਆਪ ਕੌਸਲਰਾਂ ਨੂੰ ਪੁਲਿਸ ਪਿੱਛੇ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ DC ਕੌਂਸਲਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਜੇਪੀ ਦੀ ਮੇਅਰ ਬਣਨ ਤੋਂ ਬਾਅਦ ਇਹ ਹੰਗਾਮਾ ਸ਼ੁਰੂ ਹੋਇਆ। ਖਬਰ ਲਿਖਣ ਤਕ ਜਾਣਕਾਰੀ ਮਿਲ ਰਹੀ ਹੈ ਆਪ ਦੀ ਮੇਅਰ ਆਹੁਦੇ ਦੀ ਉਮੀਦਵਾਰ ਅੰਜੂ ਕਟਿਆਲ ਵੀ ਕੁਰਸੀ 'ਤੇ ਬੈਠੀ ਹੋਈ ਹੈ। ਦੱਸ ਦੇਈਏ ਕਿ ਲਗਾਤਾਰ ਮੇਅਰ ਦੀ ਕੁਰਸੀ ਨੇੜੇ ਆਪ ਵੱਲੋਂ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ।