- Home
-
ਖ਼ਬਰਾਂ
-
ਪੰਜਾਬ
BREAKING NEWS: ਕਿਸਾਨ 'ਦਿੱਲੀ ਕੂਚ' ਲਈ ਦ੍ਰਿੜ੍ਹ, ਸਰਕਾਰ ਨੇ ਵੀ ਕੀਤੀ ਤਿਆਰੀ, ਪੜ੍ਹੋ ਪਲ-ਪਲ ਦੀ ਖ਼ਬਰ
BREAKING NEWS: ਕਿਸਾਨ 'ਦਿੱਲੀ ਕੂਚ' ਲਈ ਦ੍ਰਿੜ੍ਹ, ਸਰਕਾਰ ਨੇ ਵੀ ਕੀਤੀ ਤਿਆਰੀ, ਪੜ੍ਹੋ ਪਲ-ਪਲ ਦੀ ਖ਼ਬਰ
ਪੰਜਾਬ ਤੇ ਦੇਸ਼-ਵਿਦੇਸ਼ ਦੀਆਂ ਵੱਡੀਆਂ ਖਬਰਾਂ ਬਾਰੇ ਤਾਜ਼ਾ ਅਪਡੇਟ ਲਈ ਏਬੀਪੀ ਸਾਂਝਾ ਨਾਲ ਬਣੇ ਰਹੋ।
ਏਬੀਪੀ ਸਾਂਝਾ
Last Updated:
24 Nov 2020 04:49 PM
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਦੁਪਹਿਰ ਦੇ ਖਾਣੇ ਤੇ ਸੱਦਾ ਦਿੱਤਾ ਹੈ। ਇਸ ਮੁਲਾਕਾਤ ਵਿੱਚ ਸੂਬਾ ਪੱਧਰੀ ਤੇ ਨੈਸ਼ਨਲ ਲੈਵਲ ਦੀ ਰਾਜਨੀਤੀ ਤੇ ਚਰਚਾ ਕੀਤੀ ਜਾ ਸਕਦੀ ਹੈ।
ਕਿਸਾਨੀ ਮਸਲੇ ਦਾ ਹੱਲ ਹੁੰਦਾ ਨਾ ਦੇਖ ਕਿਸਾਨ ਦਿੱਲੀ ਕੂਚ ਕਰਨ ਦੀ ਤਿਆਰੀ ਕਰੀ ਬੈਠੇ ਹਨ। 26 ਨਵੰਬਰ ਨੂੰ ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਰਵਾਨਾ ਹੋਣਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਸਾਨਾਂ ਨਾਲ ਸਬੰਧਤ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਕੇਂਦਰ ਸਰਕਾਰ ਦੀ ਸਾਰੀ ਗੇਮ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਹੱਲਾਸ਼ੇਰੀ ਦਿੰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਨਵਜੋਤ ਸਿੱਧੂ ਨੇ ਕਈ ਤਰ੍ਹਾਂ ਦੇ ਸੰਕੇਤ ਦਿੱਤੇ।
ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਹਰਿਆਣਾ ਵਿੱਚੋਂ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ। ਹਰਿਆਣਾ ਸਰਕਾਰ (Haryana Government) ਨੇ ਪੁਲਿਸ ਨੂੰ ਸਖ਼ਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਭ ਤੋਂ ਲੱਗ ਰਿਹਾ ਹੈ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਟਕਰਾਅ ਹੋਏਗਾ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਵਿੱਚੋਂ ਲੰਘ ਕੇ ਹੀ ਦਿੱਲੀ ਜਾਣਾ ਹੈ।
26 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਤਿਆਰ ਬੈਠੇ ਹਨ ਪਰ ਹਰਿਆਣਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤਿਆਰੀ ਵਿੱਚ ਹੈ। ਭਾਰਤੀ ਕਿਸਾਨ ਯੂਨੀਅਨ ਨੇ ਜੀਂਦ ਵਿੱਚ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਹਰਿਆਣਾ ਦੇ 35, ਪੰਜਾਬ ਦੇ 65 ਤੇ ਰਾਜਸਥਾਨ ਦੇ 45 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਿਸਾਨਾਂ ਨੇ ਪੁਲਿਸ ਦੇ ਇਸ ਐਕਸ਼ਨ ਦੀ ਸਖ਼ਤ ਨਿੰਦਾ ਕੀਤੀ ਹੈ।
ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਹਨ ਪਰ ਇਸ ਦੌਰਾਨ ਹਰਿਆਣਾ ਦੇ ਕਰਨਾਲ IG ਦਾ ਵੱਡਾ ਬਿਆਨ ਆਇਆ ਹੈ। ਆਈਜੀ ਭਾਰਤੀ ਅਰੋੜਾ ਨੇ ਸਾਫ ਕਿਹਾ ਹੈ ਕਿ 26 ਤੇ 27 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਕੂਚ ਨਹੀਂ ਕਰਨ ਦਿੱਤਾ ਜਾਏਗਾ। ਦੱਸ ਦੇਈਏ ਕਿ ਕਿਸਾਨ ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਵਿਰੋਧ ਨੂੰ ਜਾਰੀ ਰੱਖਦੇ ਹੋਏ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਦਾ ਐਲਾਨ ਕੀਤਾ ਸੀ।
ਦੇਸ਼ 'ਚ ਖੇਤੀ ਕਾਨੂੰਨਾਂ ਬਾਰੇ ਕੋਈ ਵੀ ਹੱਲ ਨਾ ਨਿਕਲਦਾ ਦੇਖ ਹੁਣ ਕੇਂਦਰ ਸਰਕਾਰ ਨੇ ਫਿਰ ਕਿਸਾਨ ਯੂਨੀਅਨਾਂ ਨੂੰ ਦੂਜੇ ਗੇੜ ਦੀ ਮੀਟਿੰਗ ਲਈ 3 ਦਸੰਬਰ ਨੂੰ ਸੱਦਾ ਦਿੱਤਾ ਹੈ। ਇਹ ਮੀਟਿੰਗ ਉਦੋਂ ਸੱਦੀ ਗਈ ਜਦੋਂ ਕਿਸਾਨ ਆਗੂਆਂ ਨੇ ਇੱਕ ਹੋਰ ਕੇਂਦਰੀ ਮੰਤਰੀਆਂ ਨਾਲ ਬੈਠਕ ਕਰਨ ਦੀ ਸ਼ਰਤ ਰੱਖਦਿਆਂ ਸੋਮਵਾਰ ਨੂੰ ਪੰਜਾਬ ਵਿੱਚ ਆਪਣਾ ‘ਰੇਲ ਰੋਕੋ’ ਅੰਦੋਲਨ ਰੱਦ ਕੀਤਾ ਤੇ ਲਗਪਗ ਦੋ ਮਹੀਨਿਆਂ ਦੀ ਨਾਕਾਬੰਦੀ ਨੂੰ ਹਟਾ ਦਿੱਤਾ, ਜਿਸ ਨਾਲ ਸਿਰਫ ਮਾਲ ਟ੍ਰੇਨਾਂ ਨੂੰ ਮੁੜ ਚਾਲੂ ਹੋਣ ਦਿੱਤਾ ਗਿਆ।
ਜ਼ਿਲ੍ਹਾ ਲੁਧਿਆਣਾ ਦੇ ਮਾਯੂਰ ਵਿਹਾਰ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਹੰਬੜਾ ਰੋਡ ਤੇ ਸਥਿਤ ਮਯੂਰ ਵਿਹਾਰ ਦੇ ਇੱਕ ਪ੍ਰਾਪਰਟੀ ਡੀਲਰ ਤੇ ਉਸ ਦੇ ਪਰਿਵਾਰ ਦੇ ਤਿੰਨ ਹੋਰ ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਵਰਾਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਲੱਗ ਗਈ ਹੈ।
ਕਿਸਾਨ ਜਥੇਬੰਦੀਆਂ ਨੇ ਹਰ ਹੀਲੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਕੋਰੋਨਾਵਾਇਰਸ ਤੋਂ ਡਰ ਕੇ ਦਿੱਲੀ ਜਾਣ ਦਾ ਫੈਸਲਾ ਨਹੀਂ ਟਾਲਣਗੇ। ਇਸ ਬਾਰੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀ) ਨੇ ਸਪੱਸ਼ਟ ਕੀਤਾ ਹੈ ਕਿ 26 ਤੇ 27 ਨਵੰਬਰ ਦਾ ਦਿੱਲੀ ਕੂਚ ਅਟੱਲ ਹੈ।
ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਵਜੋਂ ਪੰਜਾਬ ਦੇ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨਾਂ ਨੇ ਪੂਰੀ ਤਿਆਰੀ ਵੀ ਕਰ ਲਈ ਹੈ। ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤੇ ਦਿੱਲੀ ਪਹੁੰਚਣਗੇ ਤੇ ਦਿੱਲੀ ਦਾ ਘਿਰਾਓ ਕਰਨਗੇ।
ਇਸ ਦੌਰਾਨ ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਸਾਨ ਦੇ ਦਿੱਲੀ ਜਾਣ ਵਾਲੇ ਜੱਥਿਆ ਲਈ ਕੁਝ ਜ਼ਰੂਰੀ ਸਾਮਾਨ ਦੀ ਸੂਚੀ ਤਿਆਰ ਕੀਤੀ ਹੈ। 26 ਨਵੰਬਰ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਜੱਥਿਆਂ ਲਈ ਲੋੜੀਂਦਾ ਸਾਮਾਨ ਇਹ ਹੈ।
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਪਹੁੰਚ ਰਹੇ ਕਿਸਾਨਾਂ ਲਈ ਲੰਗਰ ਤੇ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਇਹ ਐਲਾਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਸਿਰਸਾ ਨੇ ਦੱਸਿਆ ਕਿ ਦੇਸ਼ ਦੇ ਕਿਸਾਨਾਂ ਦੀ ਲੜਾਈ ਸਾਡੀ ਆਪਣੀ ਲੜਾਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਇਸ ਸਬੰਧੀ ਡਿਊਟੀ ਲਾਈ ਹੈ।
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀ) ਨੇ ਸਪੱਸ਼ਟ ਕੀਤਾ ਹੈ ਕਿ 26 ਤੇ 27 ਨਵੰਬਰ ਦਾ ਦਿੱਲੀ ਕੂਚ ਅਟੱਲ ਹੈ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕੌਮੀ ਪੱਧਰ ਦੇ ਦੋ ਕਿਸਾਨ ਆਗੂਆਂ ਦੇ ਕਰੋਨਾ ਪੀੜਤ ਹੋਣ ਕਾਰਨ ਕੁਝ ਗਲਤ ਸੰਦੇਸ਼ ਚਲਾ ਗਿਆ ਸੀ ਪਰ ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ।
ਪਿਛੋਕੜ
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ‘ਦਿੱਲੀ ਚੱਲੋ’ ਐਕਸ਼ਨ ਦੇ ਡਰੋਂ ਕੇਂਦਰ ਸਰਕਾਰ ਨਵਾਂ ਫੈਸਲਾ ਕੀਤਾ ਹੈ। ਰੇਲਵੇ ਮਹਿਕਮੇ ਨੇ ‘ਦਿੱਲੀ ਚੱਲੋ’ ਪ੍ਰੋਗਰਾਮ ਕਰਕੇ ਪੰਜਾਬ ਵਿੱਚ ਦਿੱਲੀ ਵਾਲੀਆਂ ਗੱਡੀਆਂ ਨੂੰ ਹਫ਼ਤੇ ਭਰ ਲਈ ਮੁਲਤਵੀ ਕਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਡਰ ਹੈ ਕਿ ਇਨ੍ਹਾਂ ਗੱਡੀਆਂ ਜ਼ਰੀਏ ਕਿਸਾਨ ਕਿਤੇ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਨਾ ਪਹੁੰਚ ਜਾਣ।
ਇਸ ਕਰਕੇ 30 ਨਵੰਬਰ ਤੱਕ ਦਿੱਲੀ ਵਾਲੀਆਂ ਕੁਝ ਟਰੇਨਾਂ ਨੂੰ ਮੁਲਤਵੀ ਕੀਤਾ ਗਿਆ ਹੈ। ਅੰਬਾਲਾ ਡਵੀਜ਼ਨ ਦੇ ਡੀਆਰਐਮ ਜੀਐਮ ਸਿੰਘ ਨੇ ਕਿਹਾ ਕਿ ਰੇਲਵੇ ਵੱਲੋਂ ਹਫ਼ਤੇ ਭਰ ਦੀ ਬੁਕਿੰਗ ਰੀਵਿਊ ਕੀਤੀ ਗਈ ਹੈ ਤੇ ਇਹ ਬੁਕਿੰਗ 40 ਫੀਸਦੀ ਤੋਂ ਘੱਟ ਹੋਣ ਕਰਕੇ ਕੁਝ ਗੱਡੀਆਂ ਹਫ਼ਤੇ ਲਈ ਮੁਲਤਵੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਰੱਦ ਕਰਨ ਪਿੱਛੇ ਸਿਰਫ ਯਾਤਰੀਆਂ ਦੀ ਘੱਟ ਬੁਕਿੰਗ ਹੋਣਾ ਹੀ ਹੈ।
ਦੱਸ ਦਈਏ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀ) ਦੇ ਝੰਡੇ ਹੇਠ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ 26 ਤੇ 27 ਨਵੰਬਰ ਦਾ ਦਿੱਲੀ ਵੱਲ ਕੂਚ ਕਰ ਰਹੀਆਂ ਹਨ। ਕਿਸਾਨਾਂ ਦਾ ਇਹ ਐਕਸ਼ਨ ਸਭ ਤੋਂ ਵੱਡਾ ਹੋਣ ਵਾਲਾ ਹੈ। ਇਸ ਲਈ ਕੇਂਦਰੀ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਸੂਤਰਾਂ ਮੁਤਾਬਕ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਤੋਂ ਰੋਕਿਆ ਜਾ ਸਕਦਾ ਹੈ। ਇਸ ਸਬੰਧੀ ਦਿੱਲੀ ਪੁਲਿਸ ਵੀ ਪੂਰੀ ਤਿਆਰੀ ਕਰ ਰਹੀ ਹੈ।