- Home
-
ਖ਼ਬਰਾਂ
-
ਪੰਜਾਬ
BREAKING NEWS: ਤੂਫਾਨ ਬਣ ਝੁੱਲੇ ਕਿਸਾਨ, ਸਾਰੀਆਂ ਰੋਕਾਂ ਚਕਨਾਚੂਰ, ਦਿੱਲੀ ਪਹੁੰਚ ਕੇ ਲਿਆ ਦਮ
BREAKING NEWS: ਤੂਫਾਨ ਬਣ ਝੁੱਲੇ ਕਿਸਾਨ, ਸਾਰੀਆਂ ਰੋਕਾਂ ਚਕਨਾਚੂਰ, ਦਿੱਲੀ ਪਹੁੰਚ ਕੇ ਲਿਆ ਦਮ
ਅੱਜ ਦੀ ਹਰ ਬ੍ਰੇਕਿੰਗ ਖਬਰ, ਤਾਜ਼ਾ ਅਪਡੇਟ ਏਬੀਪੀ ਸਾਂਝਾ 'ਤੇ
ਏਬੀਪੀ ਸਾਂਝਾ
Last Updated:
27 Nov 2020 05:01 PM
ਵੱਡੀਆਂ ਮੁਸੀਬਤਾਂ ਨੂੰ ਪਾਰ ਕਰਦਿਆਂ ਆਖਰ ਕਿਸਾਨ ਦਿੱਲੀ ਵਿੱਚ ਦਾਖਲ ਹੋ ਗਏ ਹਨ। ਕਿਸਾਨਾਂ ਦੇ ਚਿਹਰਿਆਂ 'ਤੇ ਜਿੱਤ ਦੀ ਖੁਸ਼ੀ ਹੈ। ਕਿਸਾਨਾਂ ਦੇ ਰੋਅ ਨੂੰ ਵੇਖਦਿਆਂ ਕੇਂਦਰ ਸਰਕਾਰ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲੇ ਦੀ ਇਜਾਜ਼ਤ ਦੇ ਦਿੱਤੀ। ਇਸ ਮਗਰੋਂ ਹਜ਼ਾਰਾਂ ਕਿਸਾਨ ਟਿੱਕਰ ਬਾਰਡਰ ਰਾਹੀਂ ਦਿੱਲੀ ਵਿੱਚ ਦਾਖਲ ਹੋ ਰਹੇ ਹਨ। ਪੁਲਿਸ ਨੇ ਉਨ੍ਹਾਂ ਨੂੰ ਬੁੜਾਨੀ ਦੇ ਨਿਰੰਕਾਰੀ ਸਮਾਗਮ ਗਰਾਉਂਡ ਵਿਖੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਕਿਹਾ, ਵਿਰੋਧੀਆਂ ਨੂੰ ਬੁੜਾਰੀ ਦੇ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਹੈ। ਦਿੱਲੀ ਪੁਲਿਸ ਦੇ ਕਰਮਚਾਰੀ ਉਨ੍ਹਾਂ ਦੇ ਨਾਲ ਰਹਿਣਗੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕਿਸਾਨਾਂ ਦੀ ਹਮਾਇਤ ਵਿੱਚ ਦਿੱਲੀ ਪਹੁੰਚੇ। ਉਹ ਦਿੱਲੀ ਪਹੁੰਚ ਚੁੱਪ-ਚੁਪੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕਰਨ ਨਿਕਲ ਤੁਰੇ। ਜਦੋਂ ਉਹ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਪਹੁੰਚੇ ਤਾਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਵਿੱਚ ਵੱਡੀ ਲਹਿਰ ਖੜ੍ਹੀ ਕਰ ਦਿੱਤੀ ਹੈ। ਹੁਣ ਹਰੇਕ ਸੂਬੇ ਅੰਦਰ ਕਿਸਾਨ ਇਸ ਲਹਿਰ ਦਾ ਹਿੱਸਾ ਬਣਨ ਲਈ ਕਾਹਲੇ ਹਨ। ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਤੇ ਦਿੱਲੀ ਪੁਲਿਸ ਦੀਆਂ ਦੀਵਾਰਾਂ ਡੇਗ ਦੇਸ਼ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।
ਪੰਜਾਬ ਦੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਵੇਖਦਿਆਂ ਕੇਂਦਰ ਸਰਕਾਰ ਦੇ ਹੱਥ-ਪੈਰ ਫੁੱਲਦੇ ਵੇਖ ਕੇ ਦੇਸ਼ ਦੇ ਕਈ ਰਾਜਾਂ ਦੇ ਕਿਸਾਨ ਸੰਗਠਨਾਂ ਨੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਮਨ ਬਣਾਉਣਾ ਸ਼ੁਰੂ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਵੀ ਦਿੱਲੀ ਰਵਾਨਗੀ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਵੀ ਕੰਨ ਖੜ੍ਹੇ ਹੋ ਗਏ ਹਨ।
ਰਾਜਧਾਨੀ ਦਿੱਲੀ ਤੇ ਚੜ੍ਹਾਈ ਕਰਨ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਹਰਿਆਣਾ-ਦਿੱਲੀ ਬਾਡਰ ਤੱਕ ਪਹੁੰਚ ਗਏ ਹਨ। ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ 'ਚ ਪੁਲਿਸ ਬਲ ਦੀ ਤਾਇਨਾਤੀ ਵੀ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਵੱਲੋਂ ਰਾਜਧਾਨੀ ਦੇ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ 'ਚ ਬਦਲਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।
ਕਿਸਾਨਾਂ ਨੂੰ ਹੁਣ ਦਿੱਲੀ ਵਿੱਚ ਐਂਟਰੀ ਮਿਲ ਗਈ ਹੈ। ਕਿਸਾਨਾਂ ਨੂੰ ਹੁਣ ਬਿਨ੍ਹਾ ਰੋਕੇ ਅੱਗੇ ਜਾਣ ਦਿੱਤਾ ਜਾਵੇਗਾ। ਕਿਸਾਨਾਂ ਨੂੰ ਬੁਰਾੜੀ ਮੈਦਾਨ 'ਚ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ। ਰਾਮ ਲੀਲਾ ਮੈਦਾਨ ਦੀ ਥਾਂ ਹੁਣ ਬੁਰਾੜੀ ਮੈਦਾਨ 'ਚ ਕਿਸਾਨ ਪ੍ਰਦਰਸ਼ਨ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਚੌਕਸ ਕੀਤਾ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਗੱਲ ਸੁਣ ਲਵੋ। ਕੈਪਟਨ ਨੇ ਕਿਹਾ ਹੈ ਕਿ ਕਿਸਾਨਾਂ ਦੀ ਆਵਾਜ਼ ਨੂੰ ਇੰਝ ਅਣਗੌਲਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਦਿੱਲੀ ਬਾਰਡਰ ਤੇ ਪੈਦਾ ਹੋਏ ਤਣਾਅ ਨੂੰ ਘੱਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਲਈ 3 ਦਸੰਬਰ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ ਜਦ ਹਲਾਤ ਹੁਣ ਤਣਾਅਪੂਰਨ ਹਨ।
ਕਿਸਾਨਾਂ ਦੇ ਰੋਹ ਅੱਗੇ ਮੋਦੀ ਸਰਕਾਰ ਝੁਕ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਸੰਦੇਸ਼ ਭੇਜਿਆ ਹੈ ਕਿ ਸਰਕਾਰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਨਾਕਾਬੰਦੀ ਖੋਲ੍ਹਣ ਲਈ ਤਿਆਰ ਹੈ। ਕਿਸਾਨਾਂ ਨੂੰ ਰੈਲੀ ਕਰਨ ਲਈ ਨਵੀਂ ਦਿੱਲੀ ਦਾ ਰਾਮ ਲੀਲ੍ਹਾ ਮੈਦਾਨ ਦੇ ਦਿੱਤਾ ਜਾਵੇਗਾ।
ਡੱਬਵਾਲੀ ਬਾਰਡਰ ਉੱਪਰ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨਾਂ ਨੇ ਰੋਕਾਂ ਤੋੜ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਕੀਤਾ। ਸਗੋਂ ਪੁਲਿਸ ਸੜਕ ਵਿਚਕਾਰ ਡਿਵਾਇਡਰ 'ਤੇ ਖਲੋ ਕੇ ਅਗਾਂਹ ਵਧਦੇ ਕਿਸਾਨਾਂ ਨੂੰ ਖੁਸ਼ੀ ਭਰੇ ਰੌਂਅ ਤੱਕਦੇ ਰਹੇ।
ਕਿਸਾਨ ਦਿੱਲੀ ਦੀ ਹੱਦ ਉੱਤੇ ਜਾ ਡਟੇ ਹਨ। ਹੁਣ ਕਿਸਾਨਾਂ ਨੂੰ ਲੀਡਰਸ਼ਿਪ ਦੇ ਅਗਲੇ ਹੁਕਮ ਦੀ ਉਡੀਕ ਹੈ। ਕਿਸਾਨਾਂ ਨਾਲ ਸੰਘਰਸ਼ ਵਿੱਚ ਡਟੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪਹੁੰਚ ਰਹੀਆਂ ਲੱਖਾਂ ਦੀ ਤਾਦਾਦ 'ਚ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਦੱਸਣ।
ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਦਿੱਲੀ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ। ਪੁਲਿਸ ਨੂੰ ਸਮਝ ਆਉਣ ਲੱਗਾ ਹੈ ਕਿ ਕਿਸਾਨ ਦਿੱਲੀ ਪਹੁੰਚ ਕੇ ਹੀ ਦਮ ਲੈਣਗੇ। ਇਸ ਲਈ ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ। ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਦਿੱਲੀ ਵੱਲ ਵਧ ਰਹੇ ਹਨ।
ਤਾਜ਼ਾ ਜਾਣਕਾਰੀ ਮੁਤਾਬਕ ਦਿੱਲੀ-ਕਰਨਾਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਦਿੱਲੀ-ਹਰਿਆਣਾ ਨੂੰ ਜੋੜਨ ਵਾਲੇ ਸਿੰਘੂ ਸਰਹੱਦ ਉੱਪਰ ਸੈਂਕੜੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇੱਥੇ ਦਿੱਲੀ ਪੁਲਿਸ ਦੀਆਂ ਕਈ ਟੁਕੜੀਆਂ ਤਾਇਨਾਤ ਹਨ। ਹਰਿਆਣਾ ਪੁਲਿਸ ਨਾਲ ਬੀਐਸਐਫ, ਆਰਏਐਫ (ਰੈਪਿਡ ਐਕਸ਼ਨ ਫੋਰਸ) ਤੇ ਸੀਆਈਐਸਐਫ ਨੂੰ ਤਾਇਨਾਤ ਕੀਤਾ ਗਿਆ ਹੈ। ਜਵਾਨਾਂ ਦੀ ਇਹ ਤਾਇਨਾਤੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਨਾਲ ਦਿੱਲੀ ਪਹੁੰਚਣ ਤੋਂ ਰੋਕਣ ਲਈ ਕੀਤੀ ਗਈ ਹੈ।
ਕਿਸਾਨ ਨੂੰ ਹਰਿਆਣਾ ਪੁਲਿਸ ਦੀਆਂ ਰੋਕਾਂ ਨਹੀਂ ਡੱਕ ਸਕੀਆਂ ਰਿਪੋਰਟਾਂ ਮੁਤਾਬਕ ਕੁਝ ਕਿਸਾਨ ਦਿੱਲੀ ਦੇ ਬਾਰਡਰ ਨੇੜੇ ਪਹੁੰਚ ਗਏ ਹਨ। ਉਹ ਦਿੱਲੀ ਤੋਂ ਕੁੰਡਲੀ ਬਾਰਡਰ ਤੋਂ ਮਹਿਜ਼ 8 ਕਿਲੋਮੀਟਰ ਦੀ ਦੂਰੀ 'ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਸਾਰੇ ਬੈਰੀਕੇਡ ਟੁੱਟ ਚੁੱਕੇ ਹਨ, ਹੁਣ ਉਹ ਸਿਰਫ ਦਿੱਲੀ ਜਾ ਕੇ ਰੁਕਣਗੇ।
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਰਾਹ ਦਿੱਲੀ ਵੱਲ ਵਧ ਰਹੇ ਹਨ। ਹਰਿਆਣਾ ਚ ਵੱਖ-ਵੱਖ ਥਾਈਂ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਉਹ ਦਿੱਲੀ ਵੱਲ ਕੂਚ ਕਰ ਰਹੇ ਹਨ। ਓਧਰ ਦਿੱਲੀ ਬਾਰਡਰ ਤੇ ਵੀ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਹੈ। ਕੋਸ਼ਿਸ਼ ਇਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਣਾ ਹੈ।
ਭਿਵਾਨੀ ਦੇ ਪਿੰਡ ਮੂੰਡਾਲ ਦੇ ਨੇੜੇ ਦਿੱਲੀ-ਹਿਸਾਰ ਹਾਈਵੇਅ ਤੇ ਹੋਏ ਹਾਦਸੇ ਵਿੱਚ ਕਿਸਾਨ ਦੀ ਮੌਤ ਹੋ ਗਈ। ਦਰਅਸਲ, ਇੱਕ ਟਰੈਕਟਰ ਨਾਲ ਦੋ ਟਰਾਲੀਆਂ ਜੋੜ ਕੇ ਕਿਸਾਨ ਅੱਗੇ ਵੱਧ ਰਹੇ ਸੀ। ਇਸ ਦੌਰਾਨ ਇੱਕ ਟਰਾਲੇ ਨੇ ਪਿੱਛੋਂ ਟੱਕਰ ਮਾਰੀ ਜਿਸ ਨਾਲ ਕਿਸਾਨ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਕਿਸਾਨਾਂ ਨੇ ਪੁਲਿਸ ਨੂੰ ਲਾਸ਼ ਕਬਜ਼ੇ 'ਚ ਨਹੀਂ ਲੈਣ ਦਿੱਤੀ।
ਕਿਸਾਨਾਂ ਦਾ ਕਾਫਲਾ ਪੁੰਜਾਬ ਤੋਂ ਚੱਲ ਕੇ ਹਰਿਆਣਾ ਹੁੰਦਾ ਹੋਇਆ ਪਾਣੀਪਤ ਜਾ ਪਹੁੰਚਿਆ ਹੈ। ਬੇਸ਼ੱਕ ਅਕਾਲੀ ਦਲ ਸਮੇਤ ਪੰਜਾਬ ਕਾਂਗਰਸ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਅੱਧਵਾਟੇ ਹੀ ਪੱਤਰਾ ਵਾਚ ਗਏ। ਜਦੋਂ ਕੇਂਦਰੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਦੀ ਸ਼ੁਰੂਆਤ ਸੀ ਤਾਂ ਸਿਆਸੀ ਲੀਡਰਾਂ ਨੇ ਵੀ ਖੂਬ ਸ਼ਮੂਲੀਅਤ ਕੀਤੀ।
ਕਿਸਾਨਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਐਨਐਚ-24, ਚਿੱਲਾ ਸੀਮਾ, ਟਿਗਰੀ ਸੀਮਾ, ਬਹਾਦਰਗੜ੍ਹ ਸੀਮਾ, ਫਰੀਦਾਬਾਦ ਸੀਮਾ, ਕਾਲਿੰਦੀ ਕੁੰਜ ਸੀਮਾ ਤੇ ਸਿੰਘੂ ਸੀਮਾ ਤੇ ਪੁਲਿਸ ਬਲ ਤਾਇਨਾਤ ਕੀਤਾ ਹੈ। ਪੰਜਾਬ ਤੇ ਹਰਿਆਣਾ ਤੋਂ ਆਉਣ ਵਾਲੇ ਕਿਸਾਨਾਂ ਦੇ ਸਿੰਘੂ ਸੀਮਾ ਤੋਂ ਦਿੱਲੀ 'ਚ ਦਾਖਲ ਹੋਣ ਦੀ ਸੰਭਾਵਨਾ ਹੈ। ਜਿਸ ਨੂੰ ਦੇਖਦਿਆਂ ਹੋਇਆਂ ਉੱਥੋਂ ਭਾਰੀ ਸੰਖਿਆਂ 'ਚ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।
ਹਰਿਆਣਾ ਤੋਂ ਦਿੱਲੀ ਜਾਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਬੀਤੇ ਲੰਬੇ ਸਮੇਂ ਤੋਂ ਪੰਜਾਬ 'ਚ ਕੁੱਝ ਹਿੱਸਿਆਂ 'ਚ ਰੇਲ ਮਾਰਗ ਬੰਦ ਹਨ। ਉੱਥੇ ਹੀ ਹੁਣ ਕਿਸਾਨ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਹਨ। ਜਿਸ ਕਾਰਨ ਹਰਿਆਣਾ ਤੋਂ ਦਿੱਲੀ ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿਛੋਕੜ
ਹਰਿਆਣਾ ਤੋਂ ਦਿੱਲੀ ਜਾਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਬੀਤੇ ਲੰਬੇ ਸਮੇਂ ਤੋਂ ਪੰਜਾਬ 'ਚ ਕੁੱਝ ਹਿੱਸਿਆਂ 'ਚ ਰੇਲ ਮਾਰਗ ਬੰਦ ਹਨ। ਉੱਥੇ ਹੀ ਹੁਣ ਕਿਸਾਨ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਹਨ। ਜਿਸ ਕਾਰਨ ਹਰਿਆਣਾ ਤੋਂ ਦਿੱਲੀ ਜਾਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫਿਲਹਾਲ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਹਰਿਆਣਾ ਪੁਲਿਸ ਨੇ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਟ੍ਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਨੂੰ ਕਿਹੜੇ ਰਾਹਾਂ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਰੀ ਹੋਈ ਟ੍ਰੈਵਲ ਐਡਵਾਇਜ਼ਰੀ ਦੇ ਮੁਤਾਬਕ ਕਿਹਾ ਗਿਆ ਹੈ ਕਿ ਹਰਿਆਣਾ ਤੋਂ ਦਿੱਲੀ ਜਾਣ ਲਈ ਨੈਸ਼ਨਲ ਹਾਈਵੇਅ ਨੰਬਰ 10 ਤੇ ਨੈਸ਼ਨਲ ਹਾਈਵੇਅ 44 ਅੰਬਾਲਾ ਤੇ ਪਾਨੀਪਤ ਨੂੰ ਦਿੱਲੀ ਨਾਲ ਜੋੜਦਾ ਹੈ। ਫਿਲਹਾਲ ਕਿਸਾਨ ਅੰਦੋਲਨ ਨੂੰ ਦੇਖਦਿਆਂ ਹੋਇਆਂ ਹਰਿਆਣਾ ਤੇ ਦਿੱਲੀ ਸਰਹੱਦ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਬੈਰੀਕੇਡਿੰਗ ਵੀ ਕੀਤੀ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਪਹਿਲਾਂ ਹੀ ਪੰਜਾਬ ਦੇ ਨਾਲ ਲੱਗਣ ਵਾਲੀਆਂ ਸੂਬੇ ਦੀਆਂ ਸਰਹੱਦਾਂ 26 ਤੇ 27 ਨਵੰਬਰ ਲਈ ਬੰਦ ਕਰ ਦਿੱਤਾ ਸੀ।