Punjab News: ਪੁਲਿਸ ਨੇ 700 ਵਿਦਿਆਰਥੀਆਂ ਨੂੰ ਜਾਅਲੀ ਆਫਰ ਲੈਟਰਾਂ ਰਾਹੀਂ ਕੈਨੇਡਾ ਭੇਜਣ ਦੇ ਕੇਸ ਵਿੱਚ ਮੁੱਖ ਦੋਸ਼ੀ ਬ੍ਰਿਜੇਸ਼ ਮਿਸ਼ਰਾ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਉਸ ਨੂੰ ਜਲੰਧਰ ਲਿਆਉਂਦਾ ਗਿਆ ਜਿੱਥੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਜਾਅਲੀ ਆਫਰ ਲੈਟਰਾਂ ਦੀ ਵਰਤੋਂ ਕਰਕੇ ਠੱਗੇ ਸੀ ਕਰੋੜਾਂ ਰੁਪਏ
ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ ਦੋ ਸਾਲ ਪਹਿਲਾਂ ਜਾਅਲੀ ਆਫਰ ਲੈਟਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਠੱਗੀ ਕਰ ਚੁੱਕਾ ਹੈ। ਜਦੋਂ ਵਿਦਿਆਰਥੀਆਂ ਨੇ ਆਪਣੇ ਨਕਲੀ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਤਾਂ ਇਹ ਖੁਲਾਸਾ ਹੋਇਆ ਕਿ ਬ੍ਰਿਜੇਸ਼ ਨੇ ਉਨ੍ਹਾਂ ਨੂੰ ਧੋਖੇ ਨਾਲ ਜਾਅਲੀ ਕਾਗਜ਼ੀ ਕਾਰਵਾਈ ਰਾਹੀਂ ਵਿਦੇਸ਼ ਭੇਜਿਆ ਸੀ। ਮਾਮਲਾ ਖ਼ਬਰਾਂ ਵਿੱਚ ਆਉਣ ਤੋਂ ਬਾਅਦ ਬ੍ਰਿਜੇਸ਼ ਮਿਸ਼ਰਾ ਕੈਨੇਡਾ ਤੋਂ ਭਾਰਤ ਆ ਗਿਆ ਸੀ। ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ 9 ਕੇਸ ਦਰਜ ਹਨ।
ਏਡੀਸੀਪੀ ਨੇ ਦੱਸਿਆ ਕਿ ਹਾਲ ਹੀ ਵਿੱਚ ਬ੍ਰਿਜੇਸ਼ ਦੁਬਾਰਾ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਦੇ ਖ਼ਿਲਾਫ਼ ਜਾਰੀ ਲੁੱਕਆਉਟ ਸਰਕੁਲਰ (LOC) ਕਰਕੇ ਨਵੀਂ ਦਿੱਲੀ ਇੰਦਿਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਵਿਸ਼ੇਸ਼ ਟੀਮ ਵੱਲੋਂ ਬ੍ਰਿਜੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਸ ਨੂੰ ਜਲੰਧਰ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਪੁਲਿਸ ਅਨੁਸਾਰ ਬ੍ਰਿਜੇਸ਼ ਮਿਸ਼ਰਾ ਇਸ ਠੱਗੀ ਦੇ ਪੂਰੇ ਰੈਕੇਟ ਦਾ ਮਾਸਟਰਮਾਈਂਡ ਹੈ। ਹੁਣ ਉਸ ਕੋਲੋਂ ਗਹਿਰੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਸ ਮਾਮਲੇ ਨਾਲ ਜੁੜੇ ਹੋਰ ਸ਼ਰਾਰਤੀ ਤੱਤਾਂ ਦੀ ਵੀ ਪਹਿਚਾਣ ਕੀਤੀ ਜਾ ਸਕੇ। ਪੁਲਿਸ ਨੇ ਕਿਹਾ ਹੈ ਕਿ ਜਾਂਚ ਦੇ ਅਧਾਰ 'ਤੇ ਹੋਰ ਦੋਸ਼ੀਆਂ ਦੀ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ।