ਅੰਮ੍ਰਿਤਸਰ: ਨਿਰਦੋਸ਼ ਬ੍ਰਿਟਿਸ਼ ਨਾਗਰਿਕ ਕਿਰਨਦੀਪ ਕੌਰ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਇੰਗਲੈਂਡ ਜਾਣ ਤੋਂ ਵਾਰ ਵਾਰ ਹਵਾਈ ਅਡੇ ’ਤੇ ਰੋਕਿਆ ਜਾਣਾ ਇਕ ਇਸਤਰੀ ਦਾ ਅਪਮਾਨ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸ ਵਿਅਕਤੀ ਬਾਰੇ ਕਥਿਤ ਲੁੱਕ ਆਊਟ ਜਾਰੀ ਕਰਨਾ ਜਿਸ ’ਤੇ ਕਿਸੇ ਕਿਸਮ ਦਾ ਕੋਈ ਕੇਸ ਨਾ ਹੋਵੇ ਅਤੇ ਕਿਸੇ ਵੀ ਗੈਰ ਕਾਨੂੰਨੀ ਵਰਤਾਰੇ ਵਿਚ ਸ਼ਾਮਿਲ ਨਾ ਰਹੀ ਹੋਵੇ, ਹੈਰਾਨੀਜਨਕ ਹੈ। ਉਨਾਂ ਕਿਹਾ ਕਿ ਕਾਨੂੰਨੀ ਨਿਯਮਾਂ ਅਨੁਸਾਰ ਆਪਣੇ ਮਾਪਿਆਂ ਕੋਲ ਜਾ ਰਹੀ ਇਕ ਬੇਕਸੂਰ ਇਸਤਰੀ ਬਾਰੇ ਇਹ ਕਿਹਾ ਜਾਣਾ ਕਿ ਉਹ ’ਭੱਜਣ ਦੀ ਫ਼ਿਰਾਕ ਵਿਚ ਸੀ’ ਕਿਸੇ ਵੀ ਸੰਦਰਭ ਵਿਚ ਠੀਕ ਨਹੀਂ ਅਤੇ ਮੰਦਭਾਗੀ ਹੈ । ਉਨ੍ਹਾਂ ਕਿਹਾ ਕਿ ਵਾਰਸ ਪੰਜਾਬ ਦੇ ਦਾ ਆਗੂ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਹੈ ਅਤੇ ਕਾਨੂੰਨ ਦਾ ਸਾਹਮਣਾ ਕਰ ਰਿਹਾ ਹੈ, ਅਤੇ ਕਾਨੂੰਨ ਆਪਣਾ ਰਸਤਾ ਅਖ਼ਤਿਆਰ ਕਰ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਕਿਸੇ ਵੀ ਗਤੀਵਿਧੀ ਜਾਂ ਵਿਚਾਰਧਾਰਾ ਨਾਲ ਸਹਿਮਤੀ ਰਹੀਂ ਵੀ ਰਖਦਾ ਪਰ ਉਸ ਦੀ ਪਤਨੀ ਕੋਈ ਅਪਰਾਧੀ ਨਹੀਂ ਹੈ, ਪਰ ਕੇਵਲ ਇਸ ਲਈ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ, ਉਸ ਨੂੰ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੰਗਲੈਂਡ ਜਾਣ ਸਮੇਂ ਅੱਜ ਦਿੱਲੀ ਏਅਰਪੋਰਟ ’ਤੇ ਰੋਕਿਆ ਜਾਣਾ ਗ਼ਲਤ ਹੈ। ਉਸ ਨੂੰ ਇਹ ਤੀਜੀ ਵਾਰ ਰੋਕਿਆ ਗਿਆ ਹੈ , ਇਸ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ ’ਤੇ ਵੀ ਰੋਕਿਆ ਗਿਆ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਿਰਨਦੀਪ ਕੌਰ ਵੱਲੋਂ ਕਾਨੂੰਨੀ ਅਵੱਗਿਆ ਕਰਨ ਦਾ ਕੋਈ ਵੀ ਕੇਸ ਜਾਂ ਵਰਤਾਰਾ ਸਾਹਮਣੇ ਨਹੀਂ ਆਇਆ ਅਤੇ ਨਾਂ ਹੀ ਉਸ ’ਤੇ ਕੋਈ ਕੇਸ ਦਰਜ ਹੈ। ਲਿਹਾਜ਼ਾ ਉਸ ਨੂੰ ਕਾਨੂੰਨੀ ਤਰੀਕੇ ਨਾਲ ਕਿਤੇ ਵੀ ਆਉਣ ਜਾਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ। ਉਹ ਇਕ ਬ੍ਰਿਟਿਸ਼ ਨਾਗਰਿਕ ਹੈ ਅਤੇ ਆਪਣੀ ਨਾਗਰਿਕਤਾ ਕਾਇਮ ਰੱਖਣ ਲਈ ਉਸ ਦਾ 180 ਦਿਨਾਂ ਤੋਂ ਪਹਿਲਾਂ ਇੰਗਲੈਂਡ ’ਚ ਦਾਖਲ ਹੋਣਾ ਕਾਨੂੰਨੀ ਜ਼ਰੂਰਤ ਹੈ। ਕਿਰਨਦੀਪ ਕੌਰ , ਜਿਸ ’ਤੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਪ੍ਰਤੀ ਕਾਨੂੰਨੀ ਚਾਰਾਜੋਈ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ, ਇੰਗਲੈਂਡ ਚੋਰੀ ਛੁਪੇ ਨਹੀਂ ਜਾ ਰਹੀ, ਇਸ ਲਈ ਉਸ ਪ੍ਰਤੀ ਭੱਜਣ ਦੀ ’ਫ਼ਿਰਾਕ’ ’ਚ ਹੋਣ ਦਾ ਸਵਾਲ ਹੀ ਨਹੀਂ ਉੱਠਦਾ। ਜੇਕਰ ਉਸ ਪ੍ਰਤੀ ਕੋਈ ਲੁੱਕ ਆਊਟ ਜਾਰੀ ਹੈ ਤਾਂ ਉਸ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਾਏ ਜਾਣ ਪਰ ਪੰਜਾਬ ਸਰਕਾਰ ਇਕ ਨਿਰਦੋਸ਼ ਨੂੰ ਆਪਣੇ ਅਧਿਕਾਰਾਂ ਤੋਂ ਵਾਂਝਿਆ ਨਾਂ ਕਰੇ।