Punjab News: ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਦੇ ਵਰਤਮਾਨ ਹਾਲਾਤਾਂ ਵਿਚ ਲੋਕਾਂ ਦੇ ਮਨਾਂ ਵਿਚ ਵੱਧ ਰਹੀ ਅਸੁਰੱਖਿਆ ਦੀ ਭਾਵਨਾ ਲਈ ਸੂਬੇ ਦੇ ਆਪ ਸਰਕਾਰ ਨੂੰ ਜਿੰਮੇਵਾਰ ਦੱਸਦਿਆਂ ਭਰੋਸਾ ਪ੍ਰਗਟਾਇਆ ਹੈ ਕਿ ਪੰਜਾਬ ਵਿਚ ਨਫਰਤ ਦੇ ਬੀਜ ਪੁੰਗਰ ਨਹੀਂ ਸਕਦੇ ਹਨ ਅਤੇ ਪਿੱਛਲੇ ਦਿਨਾਂ ਵਿਚ ਹੋਈਆਂ ਘਟਨਾਵਾਂ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸਿ਼ਸਾਂ ਬੰਦ ਹੋਣੀਆਂ ਚਾਹੀਦੀਆਂ ਹਨ।


ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਆਪ ਵੱਲੋਂ ਸੱਤਾ ਸੰਭਾਲਣ ਤੋਂ ਲੈ ਕੇ ਹੀ ਸੂਬਾ ਸਰਕਾਰ ਦੀ ਪ੍ਰਸ਼ਾਸਨਿਕ ਯੋਗਤਾ ਦੀ ਘਾਟ ਅਤੇ ਲਾਪਰਵਾਹੀ ਵਾਲੇ ਰਵਈਏ ਕਾਰਨ ਲਗਾਤਾਰ ਸਥਿਤੀਆਂ ਅਜਿਹੀਆਂ ਬਣਦੀਆਂ ਗਈਆਂ ਹਨ ਜਿਸ ਨਾਲ ਲੋਕ ਮਨਾਂ ਵਿਚ ਡਰ ਦੀ ਭਾਵਨਾ ਪੈਦਾ ਹੋਈ ਹੈ।


ਪਰ ਨਾਲ ਹੀ ਉਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਦੇ ਲੋਕ ਉਹ ਚਾਹੇ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਤ ਹੋਣ ਉਨ੍ਹਾਂ ਨੇ ਕਿਸੇ ਨੂੰ ਵੀ ਆਪਣੇ ਧਰਮ ਜਾਂ ਫਿਰਕੇ ਦੀ ਠੇਕੇਦਾਰੀ ਨਹੀਂ ਦਿੱਤੀ ਹੋਈ ਹੈ ਅਤੇ ਜ਼ੇਕਰ ਕੋਈ ਇਹ ਦਾਅਵਾ ਕਰੇ ਕਿ ਉਹ ਇੱਕਲਾ ਹੀ ਕਿਸੇ ਧਰਮ ਜਾਂ ਫਿਰਕੇ ਦੀ ਪ੍ਰਤੀਨਿੱਧਤਾ ਕਰਦਾ ਹੈ ਤਾਂ ਅਜਿਹਾ ਸਖ਼ਸ ਭਰਮ ਦਾ ਸਿ਼ਕਾਰ ਹੈ ਤੇ ਅਜਿਹਾ ਵਿਅਕਤੀ ਭਾਵੇਂ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਪੰਜਾਬ ਤਾਂ ਗੁਰਾਂ ਦੇ ਨਾਂਅ ਤੇ ਵਸਦਾ ਹੈ ਅਤੇ ਇਸ ਸੂਬੇ ਦੀ ਭਾਈਚਾਰਕ ਸਾਂਝ ਤਾਂ ਪੂਰੀ ਦੁਨੀਆਂ ਲਈ ਮਿਸਾਲ ਹੈ।


ਜਾਖੜ ਨੇ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦਾ ਸੰਤਾਪ ਪੁਰਾਣੀ ਪੀੜ੍ਹੀ ਨੇ ਆਪਣੇ ਪਿੰਡੇ ਦੇ ਹੰਢਾਇਆ ਹੈ ਪਰ ਨਵੀਂ ਪੀੜ੍ਹੀ ਉਹ ਸੰਤਾਪ ਤੋਂ ਅਣਜਾਣ ਹੈ। ਇਸੇ ਲਈ ਫਿਰਕੂ ਤਾਕਤਾਂ ਇਸ ਨਵੀਂ ਪੀੜ੍ਹੀ ਨੂੰ ਵਰਗਲਾਉਣ ਦੀ ਤਾਕ ਵਿਚ ਰਹਿੰਦੀਆਂ ਹਨ, ਪਰ ਪੰਜਾਬ ਦੀ ਧਰਤੀ ਤੇ ਨਫਰਤ ਦੀ ਖੇਤੀ ਨਹੀਂ ਹੁੰਦੀ ਹੈ।ਇੱਥੇ ਤਾਂ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਸਭ ਇਕੋ ਪ੍ਰਭੂ ਦੀ ਸੰਤਾਨ ਹਨ ਅਤੇ ਸਭ ਮਿਲਜੁਲ ਕੇ ਰਹਿੰਦੇ ਹਨ।


ਜਾਖੜ ਨੇ ਕਿਹਾ ਕਿ ਆਪ ਸਰਕਾਰ ਨੂੰ ਸੂਬੇ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਇਸਦੇ ਆਗੂਆਂ ਨੂੰ ਗੁਜਰਾਤ ਦੀ ਬਜਾਏ ਆਪਣੇ ਸੂਬੇ ਪ੍ਰਤੀ ਆਪਣਾ ਫਰਜਾਂ ਨੂੰ ਪਹਿਚਾਣਨਾ ਚਾਹੀਦਾ ਹੈ। ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਲੋਕਾਂ ਨੂੰ ਯਕੀਨੀ ਦੁਆਏ ਕੇ ਰਾਜ ਵਿਚ ਫਿਰਕੂ ਇਕਸੁਰਤਾ ਕਾਇਮ ਰੱਖੀ ਜਾਵੇਗੀ ਜਦ ਕਿ ਆਮ ਪੰਜਾਬੀਆਂ ਵਿਚ ਪਹਿਲਾਂ ਵੀ ਭਾਈਚਾਰਕ ਸਾਂਝ ਮਜਬੂਤ ਸੀ ਅਤੇ ਅੱਗੇ ਵੀ ਇਸੇ ਤਰਾਂ ਰਹੇਗੀ।