Punjab News: ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (B.S.F) ਨਸ਼ੇ, ਗੋਲਾ ਬਾਰੂਦ ਦੀ ਤਸਕਰੀ ਤੇ ਘੁਸਪੈਠ ਨੂੰ ਰੋਕਣ ਲਈ ਚੌਕਸੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਪਠਾਨਕੋਟ ਇਲਾਕੇ ਤੋਂ ਅੱਤਵਾਦੀਆਂ ਦੀ ਘੁਸਪੈਠ ਦੀਆਂ ਅਟਕਲਾਂ ਤੋਂ ਬਾਅਦ ਹੁਣ ਬੀਐਸਐਫ ਸੰਵੇਦਨਸ਼ੀਲ ਖੇਤਰਾਂ ਵਿੱਚ ਆਪਣੇ ਜਵਾਨਾਂ ਦੀ ਗਿਣਤੀ ਵਧਾ ਸਕਦੀ ਹੈ। ਇੰਨਾ ਹੀ ਨਹੀਂ ਸਰਹੱਦ 'ਤੇ ਘੁੜਸਵਾਰ ਸੈਨਿਕਾਂ ਨੂੰ ਤਾਇਨਾਤ ਕਰਨ 'ਤੇ ਵੀ ਵਿਚਾਰ ਚੱਲ ਰਿਹਾ ਹੈ।


ਘੋੜਿਆਂ 'ਤੇ ਸਵਾਰ ਫ਼ੌਜੀ ਤਿਆਰ


ਜਿਸ ਤਰ੍ਹਾਂ ਰਾਜਸਥਾਨ-ਪਾਕਿਸਤਾਨ ਸਰਹੱਦ 'ਤੇ ਫ਼ੌਜੀ ਊਠਾਂ 'ਤੇ ਗਸ਼ਤ ਕਰਦੇ ਹਨ, ਉਸੇ ਤਰ੍ਹਾਂ ਪੰਜਾਬ ਸਰਹੱਦ 'ਤੇ ਘੋੜਿਆਂ 'ਤੇ ਸਵਾਰ ਫ਼ੌਜੀ ਤਿਆਰ ਕੀਤੇ ਜਾ ਰਹੇ ਹਨ। ਇਸ ਦੇ ਲਈ ਮਹਿਲਾ ਸੈਨਿਕਾਂ ਦੀ ਇੱਕ ਯੂਨਿਟ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਪਠਾਨਕੋਟ 'ਚ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਮਿਲਣ ਤੋਂ ਬਾਅਦ ਘੁਸਪੈਠ ਨੂੰ ਰੋਕਣ ਲਈ ਗੁਰਦਾਸਪੁਰ ਸੈਕਟਰ (ਅੰਮ੍ਰਿਤਸਰ ਦੇ ਅਜਨਾਲਾ ਤੋਂ ਪਠਾਨਕੋਟ ਤੱਕ) 'ਚ ਹੋਰ ਫ਼ੌਜ ਤਾਇਨਾਤ ਕੀਤੀ ਗਈ।


500 ਕਿਲੋਮੀਟਰ ਤੋਂ ਲੰਬੀ ਸਰਹੱਦ


ਬੀਐਸਐਫ ਦੀ ਪੰਜਾਬ ਵਿੱਚ 500 ਕਿਲੋਮੀਟਰ ਤੋਂ ਵੱਧ ਲੰਮੀ ਸਰਹੱਦ ਹੈ। ਇਸ ਸਮੇਂ ਪੰਜਾਬ ਵਿੱਚ ਬੀਐਸਐਫ ਦੀਆਂ ਲਗਭਗ 20 ਬਟਾਲੀਅਨਾਂ ਸਰਗਰਮ ਹਨ। ਇਨ੍ਹਾਂ 'ਚੋਂ 18 ਸਰਹੱਦ 'ਤੇ ਤਾਇਨਾਤ ਹਨ, ਜਦਕਿ ਬਾਕੀ 2 ਨੂੰ ਅੰਮ੍ਰਿਤਸਰ 'ਚ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ ਅਤੇ ਗੁਰਦਾਸਪੁਰ ਜ਼ਿਲੇ 'ਚ ਕਰਤਾਰਪੁਰ ਕਾਰੀਡੋਰ ਡੇਰਾ ਬਾਬਾ ਨਾਨਕ 'ਤੇ ਲੋੜ ਅਨੁਸਾਰ ਤਾਇਨਾਤ ਕੀਤਾ ਗਿਆ ਹੈ।


2019 ਤੋਂ ਵਧੀ ਡਰੋਨ ਦੀ ਆਵਾਜਾਈ


ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਸਰਹੱਦ ’ਤੇ ਡਰੋਨ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਬੀਐਸਐਫ ਦੀ ਇੱਕ ਬਟਾਲੀਅਨ ਵਧਾਉਣ ਦੀ ਮੰਗ ਕੇਂਦਰ ਨੂੰ ਭੇਜੀ ਗਈ ਹੈ। ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਤਰਨਤਾਰਨ ਵਿੱਚ 2019 ਤੋਂ ਡਰੋਨ ਦੀ ਆਵਾਜਾਈ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਮੰਗ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ।


ਪੰਜਾਬ ਅਤੇ ਦਿੱਲੀ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਸਰਹੱਦ 'ਤੇ ਦਰਿਆਈ ਇਲਾਕਿਆਂ ਦੀ ਪ੍ਰਭਾਵਸ਼ਾਲੀ ਸੁਰੱਖਿਆ ਲਈ ਹੋਰ ਫ਼ੌਜ ਤਾਇਨਾਤ ਕੀਤੀ ਜਾਣੀ ਹੈ। ਪੰਜਾਬ ਦੀ ਸਰਹੱਦ 'ਤੇ ਰਾਵੀ ਅਤੇ ਸਤਲੁਜ ਦਰਿਆਵਾਂ 'ਤੇ 48 ਪੁਲੀਆਂ ਬਣਾਈਆਂ ਜਾ ਰਹੇ ਹਨ, ਜਿਨ੍ਹਾਂ 'ਚੋਂ 25 ਮੁਕੰਮਲ ਹੋ ਚੁੱਕੀਆਂ ਹਨ।