Amritsar News: ਭਾਰਤ-ਪਾਕਿ ਸਰਹੱਦ ਉੱਪਰ ਸਖਤੀ ਮਗਰੋਂ ਨਸ਼ਾ ਤਸਕਰਾਂ ਤੇ ਅੱਤਵਾਦੀਆਂ ਨੇ ਡ੍ਰੋਨ ਐਕਸ਼ਨ ਚਲਾਇਆ ਹੋਇਆ ਹੈ। ਪਿਛਲੇ ਸਾਲ ਵਿੱਚ ਪਾਕਿਸਤਾਨ ਵੱਲੋਂ ਵਾਰ-ਵਾਰ ਡ੍ਰੋਨ ਰਾਹੀਂ ਨਸ਼ਾ ਤੇ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੀਐਸਐਫ ਨੂੰ ਮੁਸਤੈਦੀ ਨਾਲ ਇਨ੍ਹਾਂ ਡ੍ਰੋਨਾਂ ਨੂੰ ਡੇਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਤੇ ਅੱਤਵਾਦੀ ਕਈ ਵਾਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਵੀ ਹੋਏ ਹਨ। 



ਸਰਕਾਰੀ ਸੂਤਰਾਂ ਮੁਤਾਬਕ ਪਾਕਿਸਤਾਨ ਦੀ ਪੰਜਾਬ ਨਾਲ ਲੱਗਦੀ ਸਰਹੱਦ ’ਤੇ ਡ੍ਰੋਨ ਰਾਹੀਂ ਤਸਕਰੀ ਦੇ ਮਾਮਲੇ ਅੱਜ-ਕੱਲ੍ਹ ਬੀਐਸਐਫ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਇਸ ਸਾਲ 2022 ਦੌਰਾਨ ਬੀਐਸਐਫ ਨੇ ਸਰਹੱਦ ਪਾਰੋਂ ਆਏ 22 ਡ੍ਰੋਨ ਡੇਗੇ ਤੇ ਕਾਬੂ ਕੀਤੇ ਹਨ। ਇਹ ਖੁਲਾਸਾ ਬੀਐਸਐਫ ਪੰਜਾਬ ਫਰੰਟੀਅਰ ਦੀ ਇਸ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਲੇਖੇ-ਜੋਖੇ ਤੋਂ ਹੋਇਆ ਹੈ। ਪੰਜਾਬ ਦੀ ਪਾਕਿਸਤਾਨ ਨਾਲ ਲਗਪਗ 553 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ ਜਿੱਥੇ ਸੁਰੱਖਿਆ ਲਈ ਇਸ ਵੇਲੇ ਬੀਐਸਐਫ ਤਾਇਨਾਤ ਹੈ ਜੋ ਹਰ ਤਰ੍ਹਾਂ ਦੇ ਮੌਸਮ ਤੇ ਹਾਲਾਤਾਂ ਵਿੱਚ ਸੁਰੱਖਿਆ ਲਈ ਵਚਨਬੱਧ ਹੈ ।



ਬੀਐਸਐਫ ਦੇ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਰਹੱਦ ’ਤੇ ਤਾਇਨਾਤ ਅਰਧ ਸੈਨਿਕ ਬਲ ਦੇ ਜਵਾਨਾਂ ਨੇ ਇਸ ਸਾਲ ਦੌਰਾਨ ਪਾਕਿਸਤਾਨ ਵੱਲੋਂ ਆਏ 22 ਡ੍ਰੋਨ ਡੇਗਣ ਮਗਰੋਂ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 316 ਕਿੱਲੋ ਹੈਰੋਇਨ, 67 ਹਥਿਆਰ, 850 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਦੋ ਪਾਕਿਸਤਾਨੀ ਘੁਸਪੈਠੀਏ ਵੀ ਮਾਰ ਮੁਕਾਏ ਹਨ।


ਇਸੇ ਤਰ੍ਹਾਂ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਮਾਮਲੇ ਵਿੱਚ 23 ਪਾਕਿਸਤਾਨੀ ਨਾਗਰਿਕ ਕਾਬੂ ਕੀਤੇ ਗਏ, ਜਿਨ੍ਹਾਂ ਵਿੱਚੋਂ 9 ਪਾਕਿਸਤਾਨੀ ਨਾਗਰਿਕਾਂ ਨੂੰ ਮਾਸੂਮ ਪਾਏ ਜਾਣ ’ਤੇ ਵਾਪਸ ਭੇਜਿਆ ਗਿਆ। ਇਸ ਵਾਰ ਬੀਐਸਐਫ ਦਾ ਸਥਾਪਨਾ ਦਿਵਸ ਵੀ ਅੰਮ੍ਰਿਤਸਰ ਵਿੱਚ ਮਨਾਇਆ ਗਿਆ ਹੈ ਜੋ ਕਿ ਇਸ ਸਾਲ ਦੀ ਇੱਕ ਵੱਡੀ ਪ੍ਰਾਪਤੀ ਹੈ। 


ਬੀਐਸਐਫ ਦੇ ਇਤਿਹਾਸ ਵਿਚ ਪੰਜਾਬ ਵਿੱਚ ਪਹਿਲੀ ਵਾਰ ਸਥਾਪਨਾ ਦਿਵਸ ਮਨਾਇਆ ਗਿਆ। ਬੀਐਸਐਫ ਵੱਲੋਂ ਇਸ ਸਾਲ ਆਜ਼ਾਦੀ ਕੇ ਅੰਮ੍ਰਿਤ ਮਹਾਂਉਤਸਵ ਤਹਿਤ ਵੀ ਕਈ ਸਮਾਗਮ ਕੀਤੇ ਗਏ ਹਨ। ਸਰਹੱਦੀ ਲੋਕਾਂ ਦੀ ਭਲਾਈ ਵਾਸਤੇ ਮੁਫਤ ਮੈਡੀਕਲ ਕੈਂਪ ਵੀ ਲਾਏ ਗਏ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।