ਚੰਡੀਗੜ੍ਹ: ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਲਦਾਂ ਦੀਆਂ ਖੇਡਾਂ ਕਰਵਾਉਣ ਲਈ ਵਿਸ਼ੇਸ਼ ਪ੍ਰਵੀਜ਼ਨ ਲਿਆਵੇਗੀ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਚਰਚਾ ਹੋ ਰਹੀ ਹੈ।   ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਬਲਦਾਂ ਦੀਆਂ ਦੌੜਾਂ ਬੰਦ ਹੋਈਆਂ ਹਨ। ਅਦਾਲਤ ਨੇ ਜਾਨਵਰਾਂ 'ਤੇ ਅੱਤਿਆਚਾਰ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਬਲਦਾਂ ਦੀਆਂ ਦੌੜਾਂ 'ਤੇ ਪਾਬੰਦੀ ਲਾਈ ਹੈ। ਰਾਣੀ ਸੋਢੀ ਨੇ ਕਿਹਾ ਕਿ ਬਲਦਾਂ 'ਤੇ ਕੋਈ ਅੱਤਿਆਚਾਰ ਨਹੀਂ ਹੁੰਦਾ। ਬਲਦਾਂ ਨੂੰ ਮਾਲਕ ਪਿਆਰ ਕਰਦੇ ਹਨ। ਸੜਕਾਂ 'ਤੇ ਫ਼ਿਰਦੇ ਲਾਵਾਰਸ ਬਲਦਾਂ ਵਾਲਾ ਹਾਲ ਤਾਂ ਨਹੀਂ। ਉਨ੍ਹਾਂ ਕਿਹਾ ਕਿ ਹੋਰ ਰਵਾਇਤੀ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪੁਰਾਣੀ ਖੇਡ ਨੀਤੀ ਨੂੰ ਰਿਵਿਊ ਕਰ ਰਹੇ ਹਾਂ। ਆਮ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕੋਟਾ 3 ਤੋਂ 15% ਕੀਤਾ ਜਾਏਗਾ। ਯਾਦ ਰਹੇ ਸਹੀ ਖੇਡ ਨੀਤੀ ਨਾ ਹੋਣ ਕਰਕੇ ਪੰਜਾਬ ਖੇਡਾਂ ਦੇ ਖੇਤਰ ਵਿੱਚੋਂ ਕਾਫੀ ਪਛੜ ਗਿਆ ਹੈ।