ਜਲੰਧਰ: ਦਿੱਲੀ ਏਅਰਪੋਰਟ ਤੱਕ ਵੋਲਵੋ ਬੱਸਾਂ ਦੀ ਸ਼ੁਰੂਆਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। ਦਿੱਲੀ ਏਅਰਪੋਰਟ ਤੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਬੱਸ ਮਾਫੀਆ ਦਾ ਸ਼ਿਕਾਰ ਹੋਣ ਪੈਦਾ ਸੀ ਕਿਉਂਕਿ ਉਨ੍ਹਾਂ ਕੋਲ ਚਾਰਾ ਕੋਈ ਨਹੀਂ ਸੀ। ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਤੱਕ ਅਕਾਲੀ ਦਲ ਦੀਆਂ ਬੱਸਾਂ ਚੱਲ਼ਦੀਆਂ ਸਨ। ਇਸ ਲਈ ਉਨ੍ਹਾਂ ਸਰਕਾਰੀ ਬੱਸਾਂ ਚੱਲਣ ਨਹੀਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਇਸ ਵਿੱਚ ਕਾਂਗਰਸੀ ਵੀ ਰਲੇ ਹੋਏ ਸਨ।
ਉਨ੍ਹਾਂ ਕਿਹਾ ਕਿ ਦਿੱਲੀ 'ਚ ਬੱਸਾਂ ਦਾ ਅੱਜ ਸ਼ਾਨਦਾਰ ਸਵਾਗਤ ਹੋਵੇਗਾ। ਭਗਵੰਤ ਮਾਨ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕਈ ਕੁਝ ਕਰਕੇ ਦਿਖਾ ਦਿੱਤਾ ਹੈ। ਜਿੰਨੇ ਸਖਤ ਫੈਸਲੇ ਤਿੰਨ ਮਹੀਨਿਆਂ ਵਿੱਚ ਸਾਡੀ ਸਰਕਾਰ ਨੇ ਲਏ ਹਨ, ਕਦੇ ਕਿਸੇ ਨੇ ਨਹੀਂ ਲਏ ਹੋਣਗੇ। ਆਮ ਆਦਮੀ ਪੱਧਰ 'ਤੇ ਭ੍ਰਿਸ਼ਟਾਚਾਰ ਖਤਮ ਕੀਤਾ ਹੈ। ਸੀਐਮ ਤੇ ਮੰਤਰੀ ਇਮਾਨਦਾਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਉੱਪਰ ਆਪਣੀ ਹੀ ਪਾਰਟੀ ਦੇ ਮੰਤਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ। ਪਹਿਲਾ ਟਰਾਂਸਫਰ ਪੋਸਟਿੰਗ 'ਚ ਪੈਸਾ ਚੱਲਦਾ ਸੀ ਪਰ ਹੁਣ ਕੋਈ ਪੈਸਾ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ 5500 ਏਕੜ ਸਰਕਾਰੀ ਜਮੀਨਾਂ 'ਤੇ ਕਬਜੇ ਹਟਾਏ ਹਨ। ਸੂਬੇ ਵਿੱਚ 25 ਹਜਾਰ ਨੌਕਰੀਆਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫੰਕਸ਼ਨ ਛੋਟੇ ਹਨ ਪਰ ਮਤਲਬ ਵੱਡੇ ਹਨ। ਉਨ੍ਹਾਂ ਕਿਹਾ ਕਿ ਇੱਕ ਲੁੱਟ ਅੱਜ ਬੰਦ ਹੋਣ ਜਾ ਰਹੀ ਹੈ। ਬੱਸ ਮਾਫੀਏ ਦੀ ਲੁੱਟ ਬੰਦ ਹੋਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਫੀਏ ਨੂੰ ਦੋ-ਤਿੰਨ ਸਰਕਾਰਾਂ ਦੀ ਸਰਪ੍ਰਸਤੀ ਹੁੰਦੀ ਸੀ। ਕਾਂਗਰਸੀਏ ਤੇ ਅਕਾਲੀ ਰਲੇ ਸੀ। ਇਨ੍ਹਾਂ ਤੋਂ ਹਾਲੇ ਪੰਜਾਬ ਦੇ ਲੋਕਾਂ ਦਾ ਹਿਸਾਬ ਲੈਣਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਲਈ 55 ਬੱਸਾਂ ਚੱਲਿਆ ਕਰਨਗੀਆਂ। ਸਭ ਤੋਂ ਵੱਧ ਕਿਰਾਇਆ ਅੰਮ੍ਰਿਤਸਰ ਤੋਂ ਦਿੱਲੀ 1390 ਹੈ। ਬਾਕੀ ਸ਼ਹਿਰਾਂ ਤੋਂ ਕਿਰਾਇਆ 1100 ਦੇ ਕਰੀਬ ਹੈ। ਟਿਕਟ ਕੈਂਸਲ 'ਤੇ 100 ਫੀਸਦੀ ਪੈਸੇ ਵਾਪਸੀ ਹੋਏਗੀ।