ਪੰਜਾਬ ਦੇ ਮੋਹਾਲੀ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਾਈਵੇਟ ਬੈਂਕ ਦੇ ਵਾਸ਼ਰੂਮ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਰਾਜਬੀਰ ਸਿੰਘ ਵਜੋਂ ਹੋਈ ਹੈ, ਜੋ ਮੋਹਾਲੀ ਦੇ ਫੇਜ਼-11 ਅਤੇ ਸੈਕਟਰ-82 ਵਿੱਚ ਆਪਣਾ ਇਮੀਗ੍ਰੇਸ਼ਨ ਦਫਤਰ ਚਲਾਉਂਦਾ ਸੀ। ਰਾਜਬੀਰ ਅਸਲ ਵਿੱਚ ਮੋਗਾ ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਅਜੇ ਤੱਕ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੇ ਸਰੀਰ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ, ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਬੈਂਕ ਦੇ ਸੀਸੀਟੀਵੀ ਫੁਟੇਜ ਦੀ ਵੀ ਪੜਤਾਲ ਕਰ ਰਹੀ ਹੈ।

ਦੁਪਹਿਰ ਵਿੱਚ ਬੈਂਕ ਦੀ ਸ਼ਾਖਾ ਵਿੱਚ ਪਹੁੰਚਿਆ

ਮੰਗਲਵਾਰ ਦੁਪਹਿਰ ਨੂੰ ਰਾਜਬੀਰ ਸਿੰਘ ਬੈਂਕ ਆਇਆ। ਇਸ ਤੋਂ ਬਾਅਦ ਉਹ ਬੈਂਕ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਲੋਨ ਵਿਭਾਗ ਵਿੱਚ ਗਿਆ। ਉਥੇ ਵਾਸ਼ਰੂਮ ਵਿੱਚ ਜਾ ਕੇ ਉਸਨੇ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣਦਿਆਂ ਪੂਰੇ ਬੈਂਕ ਵਿੱਚ ਹਫੜਾ-ਦਫੜੀ ਮਚ ਗਈ। ਬੈਂਕ ਕਰਮਚਾਰੀਆਂ ਨੇ ਜਦੋਂ ਵਾਸ਼ਰੂਮ ਦਾ ਦਰਵਾਜ਼ਾ ਤੋੜਿਆ, ਤਾਂ ਅੰਦਰ ਖੂਨ ਨਾਲ ਲਥਪਥ ਲਾਸ਼ ਪਈ ਹੋਈ ਸੀ।

ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਫੇਜ਼-8 ਪੁਲਿਸ ਸਟੇਸ਼ਨ ਦੇ ਐਸਐੱਚਓ ਸਤਨਾਮ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ।

ਰਿਵਾਲਵਰ ਦੀ ਵੀ ਹੋਵੇਗੀ ਜਾਂਚ

ਥਾਣਾ ਫੇਜ਼-8 ਦੇ ਐਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਨੇ ਰਿਵਾਲਵਰ ਨਾਲ ਆਪਣੇ ਸਿਰ 'ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਰਿਵਾਲਵਰ ਬਰਾਮਦ ਕਰ ਲਿਆ ਹੈ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਰਿਵਾਲਵਰ ਕਿਸਦੇ ਨਾਮ ਤੇ ਦਰਜ ਹੈ। ਕੀ ਇਹ ਰਿਵਾਲਵਰ ਰਾਜਬੀਰ ਸਿੰਘ ਦੇ ਨਾਮ ਤੇ ਰਜਿਸਟਰਡ ਸੀ ਜਾਂ ਨਹੀਂ, ਇਹ ਪਤਾ ਲਗਾਇਆ ਜਾ ਰਿਹਾ ਹੈ।

ਬੈਂਕ ਵਿੱਚ ਹੀ ਘਟਨਾ ਕਿਉਂ ਕੀਤੀ?

ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਰਾਜਬੀਰ ਸਿੰਘ ਨੇ ਬੈਂਕ ਜਾ ਕੇ ਹੀ ਆਤਮਹੱਤਿਆ ਕਿਉਂ ਕੀਤੀ। ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਕਿਸੇ ਬੈਂਕ ਅਧਿਕਾਰੀ ਨਾਲ ਉਸਦਾ ਕੋਈ ਵਿਰੋਧ ਸੀ ਜਾਂ ਫਿਰ ਬੈਂਕ ਤੋਂ ਲੋਨ ਨੂੰ ਲੈ ਕੇ ਕੋਈ ਮਾਮਲਾ ਚੱਲ ਰਿਹਾ ਸੀ।