Punjab Politics: ਭਾਵੇਂ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਅਜੇ ਐਲਾਨ ਨਹੀਂ ਕੀਤਾ ਹੈ ਪਰ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਵਿੱਚ ਆਪਣੀ ਤਾਕਤ ਲਗਾ ਦਿੱਤੀ ਹੈ। ਗਿੱਦੜਬਾਹਾ ਸੀਟ (Gidderbaha Seat) ਜਿੱਤਣ ਲਈ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਕੋਸ਼ਿਸ਼ਾਂ 'ਚ ਲੱਗੀਆਂ ਹੋਈਆਂ ਹਨ। ਇਸ ਸਬੰਧੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਚੋਣਾਂ ਸਬੰਧੀ ਆਗੂਆਂ ਨਾਲ ਮੀਟਿੰਗ ਕਰਕੇ ਰਣਨੀਤੀ ਬਣਾਈ ਹੈ।


ਇਸ ਮੌਕੇ ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਫਰੀਦਕੋਟ ਦੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਤੇ ਸੀਟ ਦਾ ਇੰਚਾਰਜ ਨਿਯੁਕਤ ਕੀਤੇ ਗਏ ਕਾਂਗਰਸ ਦੇ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਹਾਜ਼ਰ ਸਨ। ਕਾਂਗਰਸ ਪਾਰਟੀ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ 'ਤੇ ਦਿੱਤੀ ਹੈ।


ਕਾਂਗਰਸ ਨੇ ਸੀਟ ਜਿੱਤਣ ਲਈ ਖਿੱਚੀਆਂ ਤਿਆਰੀਆਂ


ਕਾਂਗਰਸ ਦਾ ਪੂਰਾ ਜ਼ੋਰ ਕਿਸੇ ਵੀ ਕੀਮਤ 'ਤੇ ਇਸ ਸੀਟ ਨੂੰ ਜਿੱਤਣ 'ਤੇ ਹੈ। ਅਜਿਹੇ 'ਚ ਪਾਰਟੀ ਪੂਰੀ ਰਣਨੀਤੀ ਨਾਲ ਤਿਆਰੀਆਂ 'ਚ ਲੱਗੀ ਹੋਈ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪ ਆਗੂਆਂ ਤੇ ਸਮਰਥਕਾਂ ਵਿਚਾਲੇ ਸਿੱਧੀ ਪਹੁੰਚ ਕੀਤੀ ਹੈ। ਮੀਟਿੰਗ ਵਿੱਚ ਆਗੂਆਂ ਤੇ ਸਮਰਥਕਾਂ ਨੂੰ ਆਪੋ ਆਪਣੇ ਬੂਥ ਮਜ਼ਬੂਤ ​​ਕਰਨ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਸੰਪਰਕ ਵਧਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਹਰ ਅਪਡੇਟ ਸਾਂਝੀ ਕਰਨ ਲਈ ਕਿਹਾ ਗਿਆ ਹੈ।


ਕਾਂਗਰਸ ਨੂੰ ਕਿਹੜੀ ਚੀਜ਼ ਕਰ ਰਹੀ ਪਰੇਸ਼ਾਨ ?


ਜ਼ਿਕਰ ਕਰ ਦਈਏ ਕਿ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਸੀਟ ਲਗਾਤਾਰ ਤਿੰਨ ਵਾਰ ਜਿੱਤੀ ਹੈ ਪਰ 2022 ਵਿੱਚ ਉਸਦੀ ਜਿੱਤ ਦਾ ਫਰਕ ਸਿਰਫ 1349 ਸੀ। ਇਹ ਗੱਲ ਕਾਂਗਰਸ ਨੂੰ ਥੋੜੀ ਪ੍ਰੇਸ਼ਾਨ ਕਰ ਰਹੀ ਹੈ ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ ਰਿਹਾ ਹੈ। 2022 ਵਿੱਚ ਕਾਂਗਰਸੀ ਆਗੂ ਰਾਜਾ ਵੜਿੰਗ ਨੂੰ 50998 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ ਨੂੰ 49649 ਵੋਟਾਂ ਮਿਲੀਆਂ। ਜਦੋਂ ਕਿ 2017 ਵਿੱਚ ਅਕਾਲੀ ਦਲ ਨੂੰ 63500 ਅਤੇ 47800 ਵੋਟਾਂ ਮਿਲੀਆਂ ਸਨ।


ਵੜਿੰਗ ਨਾਲ ਹੋਵੇਗਾ ਬਾਦਲਾਂ ਦਾ ਮੁਕਾਬਲਾ ?


ਇਲਾਕੇ 'ਚ ਚਰਚਾਵਾਂ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਵੱਲੋਂ ਇਸ ਸੀਟ ਤੋਂ ਚੋਣ ਲੜ ਸਕਦੀ ਹੈ। ਇਸ ਦੇ ਨਾਲ ਹੀ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ। ਇਸ ਤੋਂ ਪਹਿਲਾਂ ਚਰਚਾ ਸੀ ਕਿ ਮੌਜੂਦਾ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਮੈਦਾਨ ਵਿੱਚ ਉਤਾਰ ਸਕਦੇ ਹਨ। ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਚਰਚਾ ਹੈ ਕਿ ਸੁਖਬੀਰ ਬਾਦਲ(Sukhbir singh badal) ਵੀ ਚੋਣ ਲੜ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ (Manpreet badal) ਚੋਣ ਮੈਦਾਨ ਵਿੱਚ ਹੋਣਗੇ।