ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹਾਰੇ ਉਮੀਦਵਾਰਾਂ ਦੀ ਸਿਫ਼ਾਰਸ਼ 'ਤੇ ਗ੍ਰਾਂਟ ਨਹੀਂ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਸੀ ਤਾਂ ਉਦੋਂ ਸਰਕਾਰਾਂ ‘ਪੰਜਾਬ ਨਿਰਮਾਣ ਪ੍ਰੋਗਰਾਮ’ ਦੀ ਗਰਾਂਟ ਵੀ ਹਾਰੇ ਉਮੀਦਵਾਰਾਂ ਦੀ ਸਿਫ਼ਾਰਸ਼ ’ਤੇ ਵੰਡਦੀਆਂ ਸਨ ਪਰ ਹੁਣ ਰੀਤ ਬਦਲੀ ਜਾਵੇਗੀ।


ਦੱਸ ਦਈਏ ਕਿ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲਦੀ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਤਰਜ਼ ’ਤੇ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਅਖ਼ਤਿਆਰੀ ਕੋਟੇ ਦੀ ਗਰਾਂਟ ਦੇਣ ਦੀ ਕੋਈ ਤਜਵੀਜ਼ ਨਹੀਂ ਹੈ। 


ਇਸੇ ਤਰ੍ਹਾਂ ਊਰਜਾ ਮੰਤਰੀ ਹਰਭਜਨ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਖੇਤੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਵਾਰਸਾਂ ਦੇ ਨਾਮ ਤਬਦੀਲ ਕਰਨ ਦੀ ਵਿਧੀ ਸਰਲ ਕੀਤੀ ਜਾਵੇਗੀ। ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸਵਾਲ ’ਤੇ ਬਿਜਲੀ ਮੰਤਰੀ ਨੇ ਦੱਸਿਆ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਖੇਤੀ ਕੁਨੈਕਸ਼ਨਾਂ ਦੇ ਖ਼ਪਤਕਾਰਾਂ ਨੇ ਵਾਰਸਾਂ ਦੇ ਨਾਮ ਤਬਦੀਲ ਕਰਵਾਉਣ ਲਈ 31,801 ਦਰਖ਼ਾਸਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 31,791 ਕੁਨੈਕਸ਼ਨ ਵਾਰਸਾਂ ਦੇ ਨਾਮ ਕਰ ਦਿੱਤੇ ਗਏ ਹਨ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਦੌਰਾਨ ਟਿਊਬਵੈੱਲ ਕੁਨੈਕਸ਼ਨ ਦੇ ਰੂਪ ਵਿੱਚ ਕੁੱਲ 272 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ।


ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਲਾਹ ਦਿੱਤੀ ਕਿ ਜਦੋਂ ਜ਼ਮੀਨਾਂ ਦੀ ਮਲਕੀਅਤ ਤਬਦੀਲ ਹੁੰਦੀ ਹੈ ਤਾਂ ਰਜਿਸਟਰੀ ਦੇ ਆਧਾਰ ’ਤੇ ਹੀ ਕੁਨੈਕਸ਼ਨ ਤਬਦੀਲੀ ਕੀਤੀ ਜਾਵੇ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਵਿੱਚ ਆਸ਼ੀਰਵਾਦ ਸਕੀਮ ਤਹਿਤ 43,640 ਕੇਸ ਬਕਾਇਆ ਪਏ ਹਨ, ਜਿਨ੍ਹਾਂ ਦੇ ਨਿਪਟਾਰੇ ਲਈ 219.20 ਕਰੋੜ ਦੀ ਲੋੜ ਹੈ।