ਮਾਨਸਾ: ਸ਼ਹਿਰ ਵਿੱਚ ਬਣੇ ਅੰਡਰ ਬ੍ਰਿਜ ਦੀਆਂ ਦੋਵੇਂ ਖਸਤਾਹਾਲ ਸੜਕਾਂ ਤੇ ਅੰਡਰ ਬ੍ਰਿਜ ਨੂੰ ਫਾਟਕ ਨਾਲ ਜੋੜਦੀ ਸੜਕ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਸ਼ਹਿਰ ਨਿਵਾਸੀਆਂ ਦੀ ਮੌਜੂਦਗੀ ਵਿੱਚ ਸੜਕ 'ਤੇ ਟੱਕ ਲਗਾ ਕੇ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਦੇ ਟੈਂਡਰ ਪਹਿਲਾਂ ਨਾਲੋਂ 30 ਫੀਸਦੀ ਘੱਟ ਰੇਟ 'ਤੇ ਹੋਏ ਹਨ ਜੋ ਸਮੇਂ ਦੀ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ।



ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਅੰਡਰ ਬਰਿੱਜ ਦੀ ਸੜਕ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਇਸ ਦੀ ਮੁਰੰਮਤ ਕਰਨਾ ਸਮੇਂ ਦੀ ਜ਼ਰੂਰਤ ਸੀ ਕਿਉਂਕਿ ਅੰਡਰ ਬ੍ਰਿਜ ਦੀ ਹਾਲਤ ਖਰਾਬ ਹੋਣ ਕਾਰਨ ਫਾਟਕ ਬੰਦ ਹੋਣ 'ਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਫਾਟਕ ਤੋਂ ਲੈ ਕੇ ਅੰਡਰ ਬ੍ਰਿਜ ਤੱਕ ਬਣਨ ਵਾਲੀ ਸੀਸੀ ਫਲੋਰਿੰਗ ਸੜਕ ਦੇ ਨਾਲ-ਨਾਲ ਅੰਡਰ ਬ੍ਰਿਜ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।

ਮੁੱਖ ਮੰਤਰੀ ਵੱਲੋਂ ਹਥਿਆਰਾਂ ਵਾਲੇ ਗੀਤਾਂ 'ਤੇ ਕਾਰਵਾਈ ਕਰਨ 'ਤੇ ਕੈਬਿਨੇਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕੀ ਪੰਜਾਬ ਦੇ ਖਰਾਬ ਹੋਏ ਸੱਭਿਆਚਾਰ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਸ਼ਿਆਂ ਅਤੇ ਹਥਿਆਰਾਂ ਨੂੰ ਗਾਣਿਆਂ ਤੇ ਫ਼ਿਲਮਾਂ ਰਾਹੀਂ ਵਧਾਵਾ ਦਿੱਤਾ ਹੈ, ਜਿਸ ਦਾ ਨੌਜਵਾਨ ਪੀੜ੍ਹੀ 'ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਨੌਜਵਾਨਾਂ ਦੀ ਚਿੰਤਾ ਹੈ ਕਿਉਂਕਿ ਸਾਡੇ ਸਾਰੇ ਹੀ ਨੁਮਾਇੰਦੇ ਆਮ ਘਰਾਂ ਨਾਲ ਸਬੰਧਤ ਹਨ ਤੇ ਸਾਨੂੰ ਆਮ ਘਰਾਂ ਦੀਆਂ ਸਮੱਸਿਆਂਵਾਂ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬ ਵਿੱਚ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਬੰਦ ਨਹੀਂ ਹੋਈ, ਸਗੋਂ ਤਕਨੀਕੀ ਖ਼ਾਮੀਆਂ ਕਾਰਨ ਅਸਥਾਈ ਤੌਰ 'ਤੇ ਇਸ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦਾ ਡਾਟਾ ਗਲਤ ਦਿੱਤੇ ਜਾਣ ਕਾਰਨ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੇ ਫੰਡ ਬਕਾਇਆ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਜਾਰੀ ਹੈ ਤੇ ਆਉਂਦੇ 10 ਦਿਨਾਂ ਦੇ ਅੰਦਰ ਅੰਦਰ ਇਸ ਸਕੀਮ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਪ੍ਰਾਈਵੇਟ ਹਸਪਤਾਲਾਂ ਦੀ ਪੇਮੈਂਟ ਦੀ ਸਮੱਸਿਆ ਹੈ ਜਦਕਿ ਸਰਕਾਰੀ ਹਸਪਤਾਲਾਂ ਵਿਚ ਇਹ ਸਕੀਮ ਲਗਾਤਾਰ ਜਾਰੀ ਹੈ।