Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਟਵਿਟਰ ਅਕਾਊਂਟ ਬਲੌਕ ਕਰ ਦਿੱਤਾ ਹੈ। ਮੰਤਰੀ ਧਾਲੀਵਾਲ ਵੱਲੋਂ ਸੁਖਪਾਲ ਖਹਿਰਾ 'ਤੇ ਲਾਏ ਦੋਸ਼ਾਂ ਤੋਂ ਬਾਅਦ ਦੋਵਾਂ ਲੀਡਰਾਂ ਵਿਚਾਲੇ ਜਵਾਬੀ ਜੰਗ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਵਿਧਾਇਕ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੰਤਰੀ ਧਾਲੀਵਾਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਖਹਿਰਾ ਨੇ ਟਵੀਟ ਕਰਕੇ ਕਿਹਾ ਹੈ ਕਿ ਕੀ ਸਪੀਕਰ ਸੰਧਵਾ ਹੁਣ ਮੰਤਰੀ ਕੁਲਦੀਪ ਧਾਲੀਵਾਲ ਵਿਰੁੱਧ ਵਿਧਾਨ ਸਭਾ ਵਿੱਚ ਝੂਠ ਬੋਲਣ ਤੇ ਕਾਰਵਾਈ ਕਰੇਗਾ? ਕੱਲ੍ਹ ਉਸ ਨੇ ਸਦਨ ਵਿੱਚ ਕਿਹਾ ਕਿ ਨਾ ਤਾਂ ਉਹ ਟਵੀਟ ਕਰਦਾ ਹੈ ਤੇ ਨਾ ਹੀ ਉਸ ਨੂੰ ਟਵਿੱਟਰ ਬਾਰੇ ਜਾਣਕਾਰੀ ਹੈ, ਪਰ ਅਸਲ ਵਿੱਚ ਉਹ ਨਾ ਸਿਰਫ ਟਵਿੱਟਰ ਦੀ ਵਰਤੋਂ ਕਰਦਾ ਹੈ ਬਲਕਿ ਕੱਲ੍ਹ ਧਾਲੀਵਾਲ ਨੇ ਮੇਰੇ ਖ਼ਿਲਾਫ਼ 3-4 ਟਵੀਟ ਵੀ ਕੀਤੇ ਸੀ।
ਦੱਸ ਦਈਏ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ 'ਤੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਖਹਿਰਾ ਦੇ ਰਿਸ਼ਤੇਦਾਰਾਂ ਨੇ ਪਿੰਡ ਦੀ 10 ਏਕੜ ਜ਼ਮੀਨ ’ਤੇ ਕਬਜ਼ਾ ਕਰ ਰੱਖਿਆ ਹੈ। ਇਸ ਨੂੰ ਜਲਦੀ ਛੁਡਵਾਇਆ ਜਾਵੇ ਤੇ ਉਹ ਖੁਦ ਉਸ ਜ਼ਮੀਨ ਦੀ ਫਾਈਲ ਵਿਧਾਇਕ ਖਹਿਰਾ ਨੂੰ ਸੌਂਪ ਰਹੇ ਹਨ। ਇਸ ਤੋਂ ਬਾਅਦ ਦੋਵਾਂ ਲੀਡਰਂ ਵਿਚਾਲੇ ਜਵਾਬੀ ਜੰਗ ਸ਼ੁਰੂ ਹੋ ਗਈ। ਵਿਧਾਇਕ ਖਹਿਰਾ ਨੇ ਵਿਧਾਨ ਸਭਾ 'ਚ ਮੁੱਦਾ ਉਠਾਇਆ। ਇਸ 'ਤੇ ਮੰਤਰੀ ਧਾਲੀਵਾਲ ਨੇ ਜਵਾਬ ਦਿੱਤਾ ਕਿ ਉਹ ਨਾ ਤਾਂ ਟਵਿੱਟਰ ਬਾਰੇ ਜਾਣਦੇ ਹਨ ਤੇ ਨਾ ਹੀ ਉਹ ਟਵੀਟ ਕਰਦੇ ਹਨ।
ਮੰਤਰੀ ਨੇ ਟਵਿੱਟਰ 'ਤੇ ਕੀਤਾ ਬਲਾਕ
ਇਸ ਦੇ ਨਾਲ ਹੀ ਵਿਧਾਇਕ ਸੁਖਪਾਲ ਖਹਿਰਾ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ 'ਤੇ ਇੱਕ ਹੋਰ ਇਲਜ਼ਾਮ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਮੁੱਦੇ 'ਤੇ ਝੂਠ ਬੋਲਣ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਹੁਣ ਉਨ੍ਹਾਂ ਨੂੰ ਟਵਿੱਟਰ 'ਤੇ ਵੀ ਬਲਾਕ ਕਰ ਦਿੱਤਾ ਹੈ।