ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਘ ਸਿੱਧੂ ਦੇ ਸਾਥੀ ਮੰਤਰੀਆਂ ਸਾਧੂ ਸਿੰਘ ਧਰਮਸੋਤ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਦੀ ਗ਼ੈਰ-ਹਾਜ਼ਰੀ 'ਤੇ ਸਵਾਲ ਚੁੱਕੇ। ਨਵਜੋਤ ਸਿੱਧੂ ਦੇ ਕੈਬਨਿਟ ਮੀਟਿੰਗ ਵਿੱਚ ਨਾ ਪਹੁੰਚਣ ਬਾਰੇ ਉਨ੍ਹਾਂ ਦੇ ਸਾਥੀ ਵਜ਼ੀਰਾਂ ਨੇ ਕਿਹਾ ਕਿ ਸਿੱਧੂ ਨੂੰ ਅਨੁਸ਼ਾਸਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਸੀ।


ਕੈਬਨਿਟ ਦੀ ਬੈਠਕ ਦੇ ਬਰਾਬਰ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ 'ਤੇ ਉਂਗਲ ਚੁੱਕਦਿਆਂ ਰੰਧਾਵਾ ਤੇ ਧਰਮਸੋਤ ਨੇ ਕਿਹਾ ਕਿ ਜੇਕਰ ਸਿੱਧੂ ਚੰਡੀਗੜ੍ਹ ਵਿੱਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਕੈਬਨਿਟ ਦੀ ਬੈਠਕ ਵਿੱਚ ਜ਼ਰੂਰ ਆਉਣਾ ਚਾਹੀਦਾ ਸੀ। ਰੰਧਾਵਾ ਨੇ ਕਿਹਾ ਕਿ ਇਹ ਸਿੱਧੂ ਦੀ ਸਰਕਾਰ ਤੇ ਪਾਰਟੀ ਲਈ ਅਨੁਸ਼ਾਸਨਹੀਣਤਾ ਹੈ। ਧਰਮਸੋਤ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਕਿ ਆਖਰਕਾਰ ਕੈਬਨਿਟ ਦੀ ਬੈਠਕ ਦੌਰਾਨ ਸਿੱਧੂ ਬਾਰੇ ਕੀ ਚਰਚਾ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਦੱਸਣਾ ਜ਼ਰੂਰੀ ਨਹੀਂ।

ਉੱਧਰ, ਸਿੱਧੂ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਜੇਕਰ ਵਿਸ਼ਵਾਸ ਹੀ ਨਹੀਂ ਤਾਂ ਕਾਹਦੀ ਮੀਟਿੰਗ? ਉਨ੍ਹਾਂ ਕੈਪਟਨ 'ਤੇ ਸਿੱਧੀ ਉਂਗਲ ਚੁੱਕਦਿਆਂ ਕਿਹਾ ਸੀ ਕਿ ਸੀਐਮ ਕਹਿੰਦੇ ਹਨ ਕਿ ਸ਼ਹਿਰੀ ਵੋਟ ਕਾਂਗਰਸ ਨੂੰ ਨਹੀਂ ਮਿਲੀ ਤਾਂ ਅਸੀਂ 54 ਵਿੱਚੋਂ 34 ਸ਼ਹਿਰੀ ਵਿਧਾਨ ਸਭਾ ਹਲਕੇ ਜਿੱਤੇ ਹਨ। ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸੀਟਾਂ ਸ਼ਹਿਰੀ ਵੋਟ ਨਾ ਮਿਲਣ ਤੋਂ ਬਗ਼ੈਰ ਕਿਵੇਂ ਜਿੱਤ ਲਈਆਂ।