ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਨਵੀਂ ਪੰਜਾਬ ਰਾਜ ਸੱਭਿਆਚਾਰਕ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਮਨੀਪੁਰ ਤੋਂ ਬਾਅਦ ਪੰਜਾਬ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਰਾਖੀ ਤੇ ਸੰਭਾਲ ਲਈ ਅਜਿਹੀ ਨੀਤੀ ਬਣਾਉਣ ਵਾਲਾ ਦੂਜਾ ਸੂਬਾ ਬਣ ਗਿਆ ਹੈ।

ਸੂਬੇ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਤੋਂ ਇਲਾਵਾ ਨਵੀਂ ਨੀਤੀ ਆਪਣੀ ਕਲਾ ਤੇ ਵਿਰਸੇ ਦੀ ਵਿਲੱਖਣਤਾ ਨੂੰ ਪ੍ਰਫੁੱਲਤ ਕਰੇਗੀ। ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਵੱਲੋਂ ਉੱਘੇ ਇਤਿਹਾਸਕਾਰਾਂ, ਲੇਖਕਾਂ, ਕਵੀਆਂ ਅਤੇ ਸੰਗੀਤ ਤੇ ਫਿਲਮ ਜਗਤ ਦੀਆਂ ਹੋਰ ਨਾਮਵਰ ਸ਼ਖਸੀਅਤਾਂ ਨਾਲ ਲੜੀਵਾਰ ਮੀਟਿੰਗਾਂ ਤੋਂ ਬਾਅਦ ਇਹ ਨੀਤੀ ਘੜੀ ਗਈ ਹੈ। ਇਹ ਨੀਤੀ ਸਾਰੇ ਭਾਈਵਾਲਾਂ ਪਾਸੋਂ ਪ੍ਰਾਪਤ ਕੀਤੇ ਸੁਝਾਵਾਂ ਅਤੇ ਸਿਫਾਰਸ਼ਾਂ ’ਤੇ ਅਧਾਰਿਤ ਹੈ।

ਸੂਬੇ ਦੇ ਅਮੀਰ ਵਿਰਸੇ ਨੂੰ ਸੁਰੱਖਿਅਤ ਰੱਖਣ ਤੇ ਸੰਭਾਲ ਸਮੇਤ ਇਸ ਨੀਤੀ ਦੇ ਕਈ ਉਦੇਸ਼ ਹਨ ਜਿਸ ਤਹਿਤ ਪੰਜਾਬ ਦੀ ਮਹਾਨ ਵਿਰਾਸਤ ਦਾ ਹਰ ਪੱਧਰ ’ਤੇ ਪ੍ਰਚਾਰ ਤੇ ਪਾਸਾਰ ਤੋਂ ਇਲਾਵਾ ਆਉਣ ਵਾਲੀਆਂ ਪੀੜੀਆਂ ਨੂੰ ਆਪਣੀ ਵਿਰਾਸਤੀ ਖਜ਼ਾਨੇ ਬਾਰੇ ਜਾਣੂ ਕਰਵਾਉਣਾ ਹੈ। ਇਹ ਨੀਤੀ ਮਨੁੱਖੀ ਕਦਰਾਂ-ਕੀਮਤਾਂ ਅਤੇ ਸਹਿਣਸ਼ੀਲਤਾ ਦੀ ਭਾਵਨਾ ਨਾਲ ਲਬਰੇਜ਼ ਹੈ ਜਿਸ ਨਾਲ ਅਮਨ-ਸ਼ਾਂਤੀ ਤੇ ਸਦਭਾਵਨਾ ਨੂੰ ਹੋਰ ਉਤਸ਼ਾਹਤ ਤੇ ਮਜ਼ਬੂਤ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਤੋਂ ਇਲਾਵਾ ਸੱਭਿਆਚਾਰਕ ਵਿਭਿੰਨਤਾ ਰਾਹੀਂ ਕੌਮੀ ਏਕਤਾ ਤੇ ਅਖੰਡਤਾ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਜਾਵੇਗਾ।