ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਉਖਾੜਨ ਲਈ ਰਣਨੀਤੀ
ਏਬੀਪੀ ਸਾਂਝਾ | 21 Aug 2018 06:15 PM (IST)
ਜਲੰਧਰ: ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਹਿੱਤਾਂ ਲਈ ਸ਼੍ਰੋਮਣੀ ਕਮੇਟੀ ਦਾ ਬਾਦਲ ਪਰਿਵਾਰ ਤੋਂ ਆਜ਼ਾਦ ਹੋਣਾ ਜ਼ਰੂਰੀ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਰਵੀਇੰਦਰ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਜੇ ਐਸਜੀਪੀਸੀ ਸਿਆਸਤ ਦੀ ਗੁਲਾਮ ਨਾ ਹੁੰਦੀ ਤਾਂ ਅੱਜ ਇੰਨਾ ਕੁਝ ਨਹੀਂ ਹੋਣਾ ਸੀ। ਰਵੀਇੰਦਰ ਸਿੰਘ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅਜੇ ਸਮਾਂ ਬਾਕੀ ਹੈ ਪਰ ਉਨ੍ਹਾਂ ਹੁਣ ਤੋਂ ਹੀ ਸਾਰੇ ਬਾਦਲ ਵਿਰੋਧੀਆਂ ਨੂੰ ਇੱਕ ਥਾਂ ਇਕੱਠੇ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਛੱਡ ਕੇ ਸਾਰੇ ਬਾਦਲ ਵਿਰੋਧੀ ਉਨ੍ਹਾਂ ਨਾਲ ਰਲ਼ ਸਕਦੇ ਹਨ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ ਉਨ੍ਹਾਂ ਨਾਲ ਹੋਣ ਦੀ ਗੱਲ ਆਖ ਕੇ ਬਾਦਲਾਂ ਦੀ ਮਦਦ ਕਰਦੇ ਰਹੇ ਹਨ। ਇਸ ਲਈ ਜੇ ਹੁਣ ਵੀ ਉਹ ਉਨ੍ਹਾਂ ਨਾਲ ਆਏ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਮਦਦ ਉਨ੍ਹਾਂ ਬਾਦਲਾਂ ਦੀ ਹੀ ਕਰਨੀ ਹੈ। ਬੇਅਦਬੀ ਕਾਂਡ ਮਾਮਲੇ ਸਬੰਧੀ ਰਵੀਇੰਦਰ ਸਿੰਘ ਨੇ ਕਿਹਾ ਕਿ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਰੱਖੀ ਜਾਵੇਗੀ ਤਾਂ ਆਪਣੇ ਆਪ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਰਿਪੋਰਟ ਖੁੱਲ੍ਹਣ ’ਤੇ ਇਹ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਬੇਦਅਬੀ ਕਾਂਡ ਪਿੱਛੇ ਬਾਦਲਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਕਾਂਡ ਰਾਹੀਂ ਬਾਦਲਾਂ ਨੇ ਸਿਆਸੀ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।