ਬਰਨਾਲਾ : ਬਰਨਾਲਾ ਜ਼ਿਲੇ ਦੇ ਕਸਬਾ ਭਦੌੜ ਵਿੱਚ ਝੁੱਗੀ-ਝੌਂਪੜੀ 'ਚ ਰਹਿਣ ਵਾਲੀ ਇੱਕ ਲੜਕੀ ਮਨਜੀਤ ਕੌਰ ਨਾਲ ਕੈਨੇਡਾ ਦੇ ਰਹਿਣ ਵਾਲੇ ਨੌਜਵਾਨ ਮਹਿੰਦਰ ਸਿੰਘ ਨੇ 2020 'ਚ ਵਿਆਹ ਕਰਵਾਇਆ ਸੀ। ਅੱਜ ਮਨਜੀਤ ਕੌਰ ਦੇ ਪਤੀ ਮਹਿੰਦਰ ਸਿੰਘ ਵੱਲੋਂ ਮਨਜੀਤ ਕੌਰ ਨੂੰ ਕੈਨੇਡਾ ਬੁਲਾਇਆ ਗਿਆ ਹੈ। ਇਸ ਦੌਰਾਨ ਜਦੋਂ ਮਨਜੀਤ ਕੌਰ ਕੈਨੇਡਾ ਲਈ ਰਵਾਨਾ ਹੋਈ ਤਾਂ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਮਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੈ।

 

ਕੈਨੇਡਾ ਜਾਣ ਵਾਲੀ ਲੜਕੀ ਮਨਜੀਤ ਕੌਰ ਨੇ ਦੱਸਿਆ ਕਿ ਉਹ ਝੁੱਗੀ ਝੌਂਪੜੀ 'ਚ ਰਹਿੰਦੇ ਹਨ ਅਤੇ ਬਾਂਸ ਦੀਆਂ ਚੀਜ਼ਾਂ ਬਣਾ ਕੇ ਵੇਚਦੇ ਹਨ ਅਤੇ ਉਹ ਬੈਡਮਿੰਟਨ ਦੀ ਨੈਸ਼ਨਲ ਖਿਡਾਰਨ ਰਹਿ ਚੁੱਕੀ ਹੈ ਪਰ ਕੁਝ ਬੀਮਾਰੀ ਕਾਰਨ ਉਹ 2009 'ਚ ਬੀਮਾਰ ਹੋ ਗਈ ਸੀ, ਜਿਸ ਤੋਂ ਬਾਅਦ ਮੀਡੀਆ ਰਾਹੀਂ ਖ਼ਬਰਾਂ ਸਰਕਾਰ ਤੱਕ ਪਹੁੰਚਾ ਕੇ ਸਹਿਯੋਗ ਮੰਗਿਆ ਸੀ। 

 

ਸਮਾਂ ਲੰਘਣ ਤੋਂ ਬਾਅਦ ਮਨਜੀਤ ਕੌਰ ਦੀ ਕਹਾਣੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਢਿਪਾਲੀ ਦੇ ਵਾਸੀ ਮਹਿੰਦਰ ਸਿੰਘ ਕੋਲ ਪੁੱਜੀ, ਜੋ ਕਿ ਕੈਨੇਡਾ ਵਿਚ ਰਹਿ ਰਿਹਾ ਹੈ। ਜਿਸ ਤੋਂ ਬਾਅਦ ਮਹਿੰਦਰ ਸਿੰਘ ਕੈਨੇਡਾ ਤੋਂ ਵਾਪਸ ਬਠਿੰਡਾ ਆਇਆ ਅਤੇ ਮਨਜੀਤ ਕੌਰ ਨੂੰ ਮਿਲਿਆ ਅਤੇ ਉਸ ਨਾਲ ਦੁੱਖ-ਸੁੱਖ ਵੰਡਾਉਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਮਹਿੰਦਰ ਸਿੰਘ ਅਤੇ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ 12 ਜਨਵਰੀ 2020 ਨੂੰ ਦੋਵਾਂ ਦਾ ਵਿਆਹ ਹੋ ਗਿਆ।

 

ਉਕਤ ਮਨਜੀਤ ਕੌਰ ਨੇ ਦੱਸਿਆ ਕਿ ਮਹਿੰਦਰ ਸਿੰਘ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਕੈਨੇਡਾ ਲੈ ਕੇ ਜਾਵੇਗਾ ਅਤੇ ਅੱਜ ਆਪਣਾ ਵਾਅਦਾ ਪੂਰਾ ਕਰਦੇ ਹੋਏ ਉਸ ਨੂੰ ਕੈਨੇਡਾ ਬੁਲਾਇਆ ਹੈ ਅਤੇ ਉਸ ਦਾ ਵੀਜ਼ਾ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਅੱਜ ਦਿੱਲੀ ਤੋਂ ਕੈਨੇਡਾ ਜਾਵੇਗੀ। ਮਨਜੀਤ ਕੌਰ ਦੇ ਕੈਨੇਡਾ ਚਲੇ ਜਾਣ ਦਾ ਪਤਾ ਲੱਗਣ ’ਤੇ ਸਥਾਨਕ ਲੋਕਾਂ ਵੱਲੋਂ ਮਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਕੈਨੇਡਾ ਜਾਣ ਸਮੇਂ ਸ਼ਗਨ ਵੀ ਦਿੱਤਾ ਗਿਆ।

 

ਦੂਜੇ ਪਾਸੇ ਆਪਣੀ ਧੀ ਨੂੰ ਕੈਨੇਡਾ ਭੇਜਣ ਵਾਲੀ ਮਨਜੀਤ ਕੌਰ ਦੀ ਮਾਂ ਸ਼ਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਬੇਟੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹੈ ਅਤੇ ਉਹ ਕੈਨੇਡਾ ਜਾ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ। ਦੂਜੇ ਪਾਸੇ ਕੈਨੇਡਾ ਰਹਿੰਦੇ ਮਹਿੰਦਰ ਸਿੰਘ ਦੇ ਪਿੰਡ ਦੇ ਦੋਸਤ ਜਸਵੀਰ ਸਿੰਘ ਨੇ ਦੱਸਿਆ ਕਿ 2019 'ਚ ਜਦੋਂ ਮਹਿੰਦਰ ਸਿੰਘ ਨੂੰ ਮਨਜੀਤ ਕੌਰ ਬਾਰੇ ਪਤਾ ਲੱਗਾ ਤਾਂ ਮਹਿੰਦਰ ਸਿੰਘ ਨੇ ਉਸ ਨੂੰ ਪੁੱਛਿਆ ਕਿ ਮਨਜੀਤ ਕੌਰ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਤਾਂ ਬਾਅਦ 'ਚ ਮਹਿੰਦਰ ਸਿੰਘ ਸਿੰਘ ਨੇ ਮਨਜੀਤ ਕੌਰ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਸੀ।