Canada News: ਕੈਨੇਡਾ ਦਾ ਖਾਲਿਸਤਾਨੀਆਂ ਵੱਲ ਝੁਕਾਅ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਵੀ ਸਮੇਂ-ਸਮੇਂ 'ਤੇ ਕੈਨੇਡਾ ਦੀ ਸਰਕਾਰ ਨੂੰ ਖਾਲਿਸਤਾਨ ਪ੍ਰਤੀ ਆਪਣੇ ਪਿਆਰ ਨੂੰ ਲੈ ਕੇ ਚਿਤਾਵਨੀ ਦਿੰਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਉਸ ਦੇ ਵਤੀਰੇ 'ਚ ਕੋਈ ਬਦਲਾਅ ਨਹੀਂ ਆਇਆ। ਇਸ ਦੀ ਤਾਜ਼ਾ ਮਿਸਾਲ ਅਰਸ਼ ਡੱਲਾ ਨੂੰ ਜ਼ਮਾਨਤ ਮਿਲਣਾ ਹੈ।


ਖਬਰਾਂ ਆ ਰਹੀਆਂ ਹਨ ਕਿ ਕੈਨੇਡਾ ਦੀ ਇੱਕ ਅਦਾਲਤ ਨੇ ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਅਰਸ਼ ਡੱਲਾ ਨੂੰ 30 ਹਜ਼ਾਰ ਡਾਲਰ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ 2025 ਨੂੰ ਹੋਵੇਗੀ।


ਅਰਸ਼ ਡੱਲਾ ਨੂੰ ਕੁਝ ਸਮਾਂ ਪਹਿਲਾਂ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਕੋਲੋਂ ਕਈ ਹਾਈਟੈਕ ਹਥਿਆਰ ਵੀ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਕ ਅਰਸ਼ ਡੱਲਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਸਿੱਧੇ ਸੰਪਰਕ ਵਿੱਚ ਰਿਹਾ ਹੈ।


ਸੂਤਰਾਂ ਮੁਤਾਬਕ ਅਰਸ਼ ਡੱਲਾ ਨੂੰ 28 ਅਕਤੂਬਰ ਦੀ ਰਾਤ ਕੈਨੇਡਾ 'ਚ ਗੋਲੀ ਲੱਗ ਗਈ ਸੀ। ਅਰਸ਼ ਡੱਲਾ ਆਪਣੇ ਸਾਥੀ ਗੁਰਜੰਟ ਸਿੰਘ ਨਾਲ ਕਾਰ ਵਿੱਚ ਹਾਲਟਨ ਇਲਾਕੇ ਵਿੱਚੋਂ ਲੰਘ ਰਿਹਾ ਸੀ। ਇਸ ਦੌਰਾਨ ਕਾਰ ਵਿੱਚ ਰੱਖੇ ਹਥਿਆਰ ਤੋਂ ਅਚਾਨਕ ਗੋਲੀ ਚੱਲ ਗਈ। ਗੋਲੀ ਡੱਲਾ ਦੇ ਸੱਜੇ ਹੱਥ ਵਿੱਚ ਲੱਗੀ ਜਿਸ ਤੋਂ ਬਾਅਦ ਡੱਲਾ ਅਤੇ ਗੁਰਜੰਟ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਡੱਲਾ ਨੇ ਫਿਰ ਪੁਲਿਸ ਨੂੰ ਆਪਣੇ 'ਤੇ ਹੋਏ ਹਮਲੇ ਦੀ ਝੂਠੀ ਕਹਾਣੀ ਸੁਣਾਈ। ਪੁਲਿਸ ਨੇ ਜਾਂਚ ਵਿੱਚ ਕਈ ਖੁਲਾਸੇ ਕੀਤੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਪੁਲਿਸ ਨੇ ਅਰਸ਼ ਡੱਲਾ ਦੀ ਕਾਰ ਦੀ ਤਲਾਸ਼ੀ ਲਈ ਸੀ ਫਿਰ ਰਸਤਾ ਵੀ ਚੈੱਕ ਕੀਤਾ ਗਿਆ। ਕੈਨੇਡੀਅਨ ਪੁਲਿਸ ਨੂੰ ਪਤਾ ਲੱਗਾ ਕਿ ਅਰਸ਼ ਡੱਲਾ ਦੀ ਕਾਰ ਰਸਤੇ ਵਿੱਚ ਇੱਕ ਘਰ ਦੇ ਬਾਹਰ ਕੁਝ ਸਮੇਂ ਲਈ ਰੁਕੀ ਸੀ। ਪੁਲਿਸ ਨੂੰ ਉਸ ਘਰ ਦੇ ਗੈਰਾਜ ਵਿੱਚੋਂ ਕਈ ਪਾਬੰਦੀਸ਼ੁਦਾ ਹਥਿਆਰ ਅਤੇ ਕਾਰਤੂਸ ਮਿਲੇ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਹਥਿਆਰ ਅਰਸ਼ ਡੱਲਾ ਦੇ ਸਨ।


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਕੈਨੇਡਾ 'ਚ ਗ੍ਰਿਫਤਾਰ ਕੀਤੇ ਗਏ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੀ ਹਵਾਲਗੀ ਦੀ ਮੰਗ ਕਰਨ ਦੀ ਯੋਜਨਾ ਬਣਾ ਰਹੀ ਸੀ। ਕੁਝ ਦਿਨ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਬ੍ਰੀਫਿੰਗ 'ਚ ਇਹ ਜਾਣਕਾਰੀ ਦਿੱਤੀ ਸੀ।