ਚੰਡੀਗੜ੍ਹ: ਕੈਬਨਿਟ ਮੀਟਿੰਗ ਵਿੱਚ ਸੋਮਵਾਰ ਨੂੰ ਪੰਜਾਬ ਦੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ 19 ਹਜ਼ਾਰ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਹੈ। ਅਸਾਮੀਆਂ ਭਰਨ ਲਈ ਭਰਤੀ ਦੇ ਨਿਯਮ ਵੀ ਆਸਾਨ ਕੀਤੇ ਜਾਣਗੇ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਫੌਰੀ ਤੌਰ 'ਤੇ ਸਬੰਧਿਤ ਅਸਾਮੀਆਂ ਦੀਆਂ ਲਿਸਟਾਂ ਦੇਣ ਤੇ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦੇ ਦਿੱਤੇ ਹਨ।
ਇਨ੍ਹਾਂ ਵਿੱਚੋਂ ਪਹਿਲ ਦੇ ਅਧਾਰ 'ਤੇ ਭਰੀਆਂ ਜਾਣ ਵਾਲੀਆਂ ਖਾਲੀ ਅਸਾਮੀਆਂ ਵਿੱਚ ਪੁਲਿਸ ਵਿਭਾਗ ਵਿੱਚ 5000, ਬਿਜਲੀ ਵਿਭਾਗ (ਪੀਐਸਪੀਸੀਐਲ) ਵਿੱਚ 5300, 2500 ਅਧਿਆਪਕ, ਸਿਹਤ ਵਿਭਾਗ ਵਿੱਚ ਡਾਕਟਰ ਅਤੇ ਮਾਹਰਾਂ ਸਮੇਤ 5000 ਪੈਰਾ ਮੈਡੀਕਲ ਤੇ ਵਿਸ਼ੇਸ਼ ਸਟਾਫ ਤੇ ਮਾਲ ਵਿਭਾਗ ਵਿੱਚ 1300 ਅਸਾਮੀਆਂ ਸ਼ਾਮਲ ਹਨ।
ਮੁੱਖ ਮੰਤਰੀ ਨੇ ਹੋਰਾਂ ਵਿਭਾਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੀਆਂ ਖਾਲੀ ਅਸਾਮੀਆਂ ਦੀਆਂ ਸੂਚੀਆਂ ਪੇਸ਼ ਕਰਨ ਲਈ ਕਿਹਾ ਹੈ ਤਾਂ ਜੋ ਇਨ੍ਹਾਂ ਨੂੰ ਭਰਨ ਦੀ ਪ੍ਰਕਿਰਿਆ ਵੀ ਤੁਰੰਤ ਆਰੰਭ ਕੀਤੀ ਜਾ ਸਕੇ।