ਕਸ਼ਮੀਰ 'ਚ ਹੱਲਚੱਲ ਮਗਰੋਂ ਕੈਪਟਨ ਵੱਲੋਂ ਅਹਿਮ ਮੀਟਿੰਗ, ਜਸ਼ਨਾਂ ਤੇ ਪ੍ਰਦਰਸ਼ਨਾਂ 'ਤੇ ਰੋਕ
ਏਬੀਪੀ ਸਾਂਝਾ | 05 Aug 2019 04:37 PM (IST)
ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਦੇ ਨਾਲ-ਨਾਲ ਕਈ ਫੇਰਬਦਲ ਕੀਤੇ ਹਨ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਸਖਤ ਪ੍ਰਤੀਕ੍ਰਿਆ ਆਈ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਹੈ।
ਚੰਡੀਗੜ੍ਹ: ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਦੇ ਨਾਲ-ਨਾਲ ਕਈ ਫੇਰਬਦਲ ਕੀਤੇ ਹਨ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਸਖਤ ਪ੍ਰਤੀਕ੍ਰਿਆ ਆਈ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਹੈ। ਇਸ ਦੌਰਾਨ ਪੰਜਾਬ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤੇ ਸੂਬੇ ਦਾ ਮਾਹੌਲ ਨਾ ਵਿਗੜਣ ਸਬੰਧੀ ਖਾਸ ਆਦੇਸ਼ ਜਾਰੀ ਕੀਤੇ ਗਏ ਹਨ। ਸੂਬੇ ਦੀ ਸ਼ਾਂਤੀ ਬਣੀ ਰਹੇ, ਇਸ ਲਈ ਕਿਸੇ ਵੀ ਤਰ੍ਹਾਂ ਦੇ ਜਸ਼ਨ ਤੇ ਪ੍ਰਦਰਸ਼ਨ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਸਰਹੱਦ ‘ਤੇ ਤਣਾਅ ਦਾ ਮਾਹੌਲ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸੂਬੇ ‘ਚ ਪਾਕਿ ਵੱਲੋਂ ਗੜਬੜ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ ਰਹਿਣ। ਮੁੱਖ ਮੰਤਰੀ ਨੇ ਕਸ਼ਮੀਰ ਵਿੱਚੋਂ ਧਾਰਾ 370 ਰੱਦ ਹੋਣ ਤੋਂ ਬਾਅਦ ਸੂਬੇ ‘ਚ ਅਮਨ-ਕਾਨੂੰਨ ਦੀ ਹਲਾਤ ਦਾ ਜਾਇਜ਼ਾ ਲਿਆ। ਇਸ ਸਬੰਧੀ ਹੋਈ ਮੀਟਿੰਗ ‘ਚ ਸੂਬੇ ਦੇ ਵੱਡੇ ਪੁਲਿਸ ਅਫਸਰਾਂ ਤੇ ਸਿਵਲ ਅਧਿਕਾਰੀਆਂ ਨੇ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਇਸ ਕਦਮ ਤੋਂ ਬਾਅਦ ਪਾਕਿਸਤਾਨ ਕੁਝ ਨਾ ਕੁਝ ਗੜਬੜ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ ਜਿਸ ਤਹਿਤ ਪੁਲਿਸ ਪੂਰੀ ਚੌਕਸ ਰਹੇ। ਸੀਐਮ ਅਮਰਿੰਦਰ ਨੇ ਪੰਜਾਬ 'ਚ 8000 ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਆਿ ਵਧਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਐਸਪੀ ਤੇ ਡੀਸੀ ਨੂੰ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਨ ਦੇ ਨਰਿਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਕਸ਼ਮੀਰ ਦੇ ਅੰਦਰ ਤੇ ਬਾਹਰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਤੇ ਇਨ੍ਹਾਂ ਹਾਲਾਤ 'ਚ ਰਾਸ਼ਟਰ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਨਾ ਕਰਨ ਲਈ ਕਿਹਾ।