ਚੰਡੀਗੜ੍ਹ: ਪਾਕਿਸਤਾਨ ਤੋਂ ਸਹਾਇਤਾ ਪ੍ਰਾਪਤ ਨਾਰਕੋ ਅੱਤਵਾਦ ਖ਼ਿਲਾਫ਼ ਭਾਰਤ ਦੇ ਪੰਜ ਸੂਬੇ ਇੱਕਮੁੱਠ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਪ੍ਰਦੇਸ਼ ਦੇ ਸੀਐਮ ਜੈਰਾਮ ਠਾਕੁਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਚੰਡੀਗੜ੍ਹ ਵਿੱਚ ਦੂਜੀ ਖੇਤਰੀ ਨਸ਼ਾ ਤੰਤਰ ਚੁਨੌਤੀਆਂ ਤੇ ਵਿਉਂਤਬੰਦੀਆਂ ਕਾਨਫਰੰਸ ਵਿੱਚ ਹਿੱਸਾ ਲਿਆ। ਇਸ ਮੌਕੇ ਉੱਤਰੀ ਸੂਬਿਆਂ ਨੇ ਆਪਣੀ ਇਸ ਮੁਹਿੰਮ ਦਾ ਪਛਾਣ-ਚਿੰਨ੍ਹ (Logo) ਵੀ ਜਾਰੀ ਕੀਤਾ।


ਮੁੱਖ ਮੰਤਰੀਆਂ ਦੇ ਨਾਲ-ਨਾਲ ਜੰਮੂ ਕਸ਼ਮੀਰ, ਦਿੱਲੀ ਤੇ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਈ 532 ਕਿੱਲੋ ਹੈਰੋਇਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਨਸ਼ੇ ਦਾ ਕਿੰਨਾ ਵੱਡਾ ਜਾਲ ਫੈਲਿਆ ਹੋਇਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਦੇਸ਼ ਵਿਆਪੀ ਨੀਤੀ ਬਣਨੀ ਚਾਹੀਦੀ ਹੈ, ਜਿਸ ਲਈ ਕੇਂਦਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ।


ਕੈਪਟਨ ਨੇ ਕਿਹਾ ਕਿ ਕੌਮੀ ਏਜੰਸੀਆਂ ਐਨਸੀਬੀ, ਬੀਐਸਐਫ ਅਤੇ ਆਈਬੀ ਸਮੇਤ ਸੂਬਿਆਂ ਵਿੱਚ ਬਿਹਤਰ ਤਾਲਮੇਲ ਤੇ ਸੰਯੁਕਤ ਕਾਰਵਾਈਆਂ ਨਾਲ ਨਸ਼ੇ ਦੀ ਆਮਦ ਨੂੰ ਰੋਕਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦਰਮਿਆਨ ਇੱਕ ਕਾਰਗਰ ਸਾਂਝ ਬਣੇ ਤਾਂ ਜੋ ਜਾਣਕਾਰੀ ਦਾ ਆਦਾਨ ਪ੍ਰਦਾਨ ਹੋਵੇ ਅਤੇ ਨਸ਼ਾ ਤਸਕਰਾਂ, ਗੈਂਗਸਟਰਾਂ ਤੇ ਹੋਰ ਅਪਰਾਧੀਆਂ ਲਈ ਸੂਬਾਈ ਹੱਦਾਂ ਨੂੰ ਪਨਾਹਗਾਹਾਂ ਬਣਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਗੈਂਗਸਟਰ ਆਪਣੇ ਗੁਆਂਢੀ ਸੂਬਿਆਂ ਵਿੱਚ ਨਸ਼ੇ ਦਾ ਕਾਰੋਬਾਰ ਚਲਾਉਂਦੇ ਹਨ, ਜਿਸ ਨੂੰ ਜਾਣਕਾਰੀ ਸਾਂਝੀ ਕਰਨ ਨਾਲ ਰੋਕਿਆ ਜਾ ਸਕਦਾ ਹੈ।


ਮੁੱਖ ਮੰਤਰੀ ਨੇ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਪਹਿਲੀ ਅਪਰੈਲ 2017 ਤੋਂ ਪੰਜਾਬ ਵਿੱਚੋਂ 780 ਕਿੱਲੋ ਹੈਰੋਇਨ, 1180 ਕਿੱਲੋ ਅਫੀਮ ਤੇ ਵੱਡੀ ਮਾਤਰਾ ਵਿੱਚ ਹੋਰ ਨਸ਼ੇ ਬਰਾਮਦ ਕੀਤੇ ਹਨ। ਇਨ੍ਹਾਂ ਬਰਾਮਦਗੀਆਂ ਤਹਿਤ ਹੀ ਪੰਜਾਬ ਨੇ 27,799 ਮੁਕੱਦਮੇ ਦਰਜ ਕਰ 33,756 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਪਟਨ ਨੇ ਨਸ਼ਾ ਛੁਡਾਊ ਅਤੇ ਨਸ਼ੇ ਨਾਲ ਪੀੜਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਜਾਰੀ ਕੋਸ਼ਿਸ਼ਾਂ ਨੂੰ ਵੀ ਹੋਰਨਾਂ ਸੂਬਿਆਂ ਨਾਲ ਸਾਂਝਾ ਕੀਤਾ।