ਚੰਡੀਗੜ੍ਹ: ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸਬਾਜ਼ੀ ਹੋਈ। ਹਰਸਿਮਰਤ ਨੇ ਜਿੱਥੇ ਕੈਪਟਨ ਨੂੰ ਕਾਂਗਰਸ ਰਾਜ ਦੌਰਾਨ ਵਾਪਰੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਘੇਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਕੈਪਟਨ ਨੇ ਉਨ੍ਹਾਂ ਦੇ ਪੇਕੇ ਪਰਿਵਾਰ 'ਤੇ ਜੱਲ੍ਹਿਆਂਵਾਲਾ ਬਾਗ਼ ਸਾਕੇ ਦੇ ਮੁੱਖ ਦੋਸ਼ੀ ਡਾਇਰ ਦੀ ਮਹਿਮਾਨਨਿਵਾਜ਼ੀ ਕਰਨ ਦੇ ਦੋਸ਼ ਲਾਏ।


ਦਰਅਸਲ, ਸ਼ੁੱਕਰਵਾਰ ਦੇਰ ਰਾਤ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਗਏ ਸਨ।


ਇਸ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਕਾਂਗਰਸ ਪਾਰਟੀ 'ਤੇ ਵਿਅੰਗ ਕੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਤੋਂ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਲਈ ਮੁਆਫ਼ੀ ਦੀ ਮੰਗ ਤਾਂ ਕੀਤੀ, ਆਪ੍ਰੇਸ਼ਨ ਬਲੂ ਸਟਾਰ ਬਾਰੇ ਉਨ੍ਹਾਂ ਦਾ ਗਾਂਧੀ ਪਰਿਵਾਰ ਬਾਰੇ ਕੀ ਵਿਚਾਰ ਹੈ। ਉਨ੍ਹਾਂ ਕੈਪਟਨ ਨੂੰ ਅਕਾਲ ਤਖ਼ਤ 'ਤੇ ਟੈਂਕ ਚਾੜ੍ਹਨ ਬਾਰੇ ਕਾਂਗਰਸ ਦਾ ਪਾਪ ਮੰਨਵਾਉਣ ਦੀ ਚੁਣੌਤੀ ਵੀ ਪੇਸ਼ ਕੀਤੀ।


ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਹਰਸਿਮਰਤ ਨੂੰ ਸਵਾਲ ਪੁੱਛਿਆ ‘ਕੀ ਤੁਸੀਂ, ਤੁਹਾਡੇ ਪਤੀ ਸੁਖਬੀਰ ਸਿੰਘ ਬਾਦਲ ਜਾਂ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਉਸ ਪੜਦਾਦੇ ਸੁੰਦਰ ਸਿੰਘ ਮਜੀਠੀਆ ਲਈ ਮੁਆਫ਼ੀ ਮੰਗੀ ਹੈ, ਜਿਸ ਨੇ ਜੱਲ੍ਹਿਆਂਵਾਲਾ ਬਾਗ਼ ’ਚ ਹੋਏ ਕਤਲੇਆਮ ਵਾਲੀ ਸ਼ਾਮ ਜਨਰਲ ਡਾਇਰ ਨੂੰ ਰਾਤ ਦਾ ਸ਼ਾਨਦਾਰ ਭੋਜਨ ਕਰਵਾਇਆ ਸੀ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਵਫ਼ਾਦਾਰੀ ਦਾ ਇਨਾਮ ਵਜੋਂ ਉਨ੍ਹਾਂ ਨੂੰ ‘ਨਾਈਟਹੁੱਡ’ ਦਾ ਖ਼ਿਤਾਬ ਦਿੱਤਾ ਸੀ।’