ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨਾਲ ਕੋਈ ਵੀ ਸਮੱਸਿਆ ਨਹੀਂ। ਇਸ ਦਾ ਖੁਲਾਸਾ ਕੈਪਟਨ ਨੇ ਖ਼ੁਦ ਸਿੱਧੂ ਦੇ ਮੰਤਰੀ ਮੰਡਲ ਵਿੱਚੋਂ ਅਸਤੀਫ਼ਾ ਦੇਣ ਮਗਰੋਂ ਕੀਤਾ ਹੈ।

ਦਿੱਲੀ ਪਹੁੰਚੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਿੱਧੂ ਨੇ ਆਪਣਾ ਅਸਤੀਫ਼ਾ ਉਨ੍ਹਾਂ ਦੇ ਦਫ਼ਤਰ ਭੇਜ ਦਿੱਤਾ ਹੈ। ਅਸਤੀਫ਼ਾ ਦੇਖਣ ਮਗਰੋਂ ਹੀ ਅਗਲਾ ਫੈਸਲਾ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਸੰਖੇਪ ਜਿਹੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਸਿੱਧੂ ਨੂੰ ਬੇਹੱਦ ਮਹੱਤਵਪੂਰਨ ਵਿਭਾਗ ਦਿੱਤਾ ਸੀ, ਪਰ ਵਜ਼ਾਰਤ ਛੱਡਣਾ ਉਨ੍ਹਾਂ ਦੀ ਮਰਜ਼ੀ ਹੈ।


ਜ਼ਿਕਰਯੋਗ ਹੈ ਕਿ ਸਿੱਧੂ ਨੇ ਐਤਵਾਰ ਨੂੰ ਪੰਜਾਬ ਵਜ਼ਾਰਤ ਤੋਂ ਆਪਣੇ ਅਸਤੀਫ਼ੇ ਦਾ ਖੁਲਾਸਾ ਕੀਤਾ ਸੀ। ਅਸਤੀਫ਼ਾ ਰਾਹੁਲ ਗਾਂਧੀ ਨੂੰ ਸੰਬੋਧਨ ਕੀਤਾ ਹੋਣ ਕਰਕੇ ਸਿੱਧੂ ਦੇ ਕਈ ਸਾਥੀ ਕਾਂਗਰਸੀ ਲੀਡਰਾਂ ਨੇ ਉਨ੍ਹਾਂ ਦੀ ਅਲੋਚਨਾ ਕੀਤੀ ਸੀ। ਉਨ੍ਹਾਂ ਕੱਲ੍ਹ ਹੀ ਕਹਿ ਦਿੱਤਾ ਸੀ ਉਹ ਕੈਪਟਨ ਨੂੰ ਵੀ ਆਪਣਾ ਅਸਤੀਫ਼ਾ ਭੇਜ ਦੇਣਗੇ। ਹੁਣ ਕੈਪਟਨ ਵੀ ਸਿੱਧੂ ਦੇ ਅਸਤੀਫ਼ੇ ਦੀ ਘੋਖ ਪੜਤਾਲ ਕਰਕੇ ਆਪਣਾ ਫੈਸਲਾ ਲੈਣਗੇ।