ਚੰਡੀਗੜ੍ਹ: ਪੰਜਾਬ ਦੇ ਨਵੇਂ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲੇ ਤਕ ਆਪਣਾ ਵਿਭਾਗ ਨਹੀਂ ਸੰਭਾਲਿਆ ਤਾਂ ਮੁੱਖ ਮੰਤਰੀ ਨੇ ਹੀ ਬਿਜਲੀ ਮਹਿਕਮੇ ਦੀ ਕਮਾਨ ਆਪਣੇ ਹੱਥ ਵਿੱਚ ਲੈ ਲਈ ਹੈ। ਪੰਜਾਬ ਵਿੱਚ ਬਿਜਲੀ ਮੰਗ ਸਿਖਰਾਂ 'ਤੇ ਹੋਣ ਦੌਰਾਨ ਕੈਪਟਨ ਨੇ ਬਿਜਲੀ ਵਿਭਾਗ ਦੀ ਅਹਿਮ ਬੈਠਕ ਸੱਦੀ ਹੈ।

ਇਸ ਤੋਂ ਪਹਿਲਾਂ ਹੀ ਕੈਪਟਨ ਨੇ ਸਿੱਧੂ ਦੇ ਵਿਭਾਗ ਦੀਆਂ ਕਈ ਫਾਈਲਾਂ ਵੀ ਪਾਸ ਕੀਤੀਆਂ ਸਨ। ਪਿਛਲੇ ਕਈ ਹਫ਼ਤਿਆਂ ਤੋਂ ਕੈਪਟਨ ਬਿਜਲੀ ਵਿਭਾਗ ਦੇ ਕੰਮ ਦੀ ਨਜ਼ਰਸਾਨੀ ਕਰ ਰਹੇ ਹਨ। ਬੁੱਧਵਾਰ ਨੂੰ ਯਾਨੀ ਅੱਜ ਕੈਪਟਨ ਨੇ ਬਿਜਲੀ ਮੰਗ ਤੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਵੀ ਸੱਦੀ।

ਅਜਿਹੇ ਵਿੱਚ ਜਿੱਥੇ ਸਿੱਧੂ ਦੇ ਸਾਥੀ ਮੰਤਰੀ ਉਨ੍ਹਾਂ ਨੂੰ ਅਹੁਦਾ ਸੰਭਾਲਣ ਦੀ ਨਸੀਹਤ ਦੇ ਰਹੇ ਹਨ, ਉੱਥੇ ਹੀ ਵਿਰੋਧੀ ਧਿਰਾਂ 'ਆਪ' ਤੇ ਅਕਾਲੀ ਦਲ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਨੇ ਕਿਹਾ ਹੈ ਕਿ ਸਿੱਧੂ ਮੰਤਰੀ ਬਣੇ ਰਹਿਣ ਦੇ ਸਾਰੇ ਲਾਭ ਲੈਂਦੇ ਹੋਣ ਪਰ ਆਪਣਾ ਅਹੁਦਾ ਨਾ ਸੰਭਾਲ ਕੇ ਸੰਵਿਧਾਨਕ ਸੰਕਟ ਖੜ੍ਹਾ ਕਰ ਰਹੇ ਹਨ।

ਪਿਛਲੀ ਛੇ ਜੂਨ ਨੂੰ ਕੈਪਟਨ ਨੇ ਸਿੱਧੂ ਸਮੇਤ ਹੋਰਨਾਂ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਸਨ, ਪਰ ਸਿੱਧੂ ਉਨ੍ਹਾਂ ਦੇ ਕੰਮ ਤੇ ਵਿਭਾਗ 'ਤੇ ਚੁੱਕੇ ਗਏ ਸਵਾਲਾਂ ਤੋਂ ਕਾਫੀ ਗੁੱਸੇ ਵਿੱਚ ਹਨ। ਉੱਧਰ, ਹਾਲੇ ਤਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਕਿ ਸਿੱਧੂ ਦਾ ਮੰਤਰਾਲਾ ਕਿਸੇ ਹੋਰ ਮੰਤਰੀ ਦੇ ਹਵਾਲੇ ਕੀਤਾ ਜਾਣਾ ਹੈ ਜਾਂ ਨਹੀਂ।