ਸੀਐਨ ਇਫ਼ਕੋ ਪ੍ਰਾਈਵੇਟ ਲਿਮਟਿਡ ਵੱਲੋਂ ਉਸਾਰੇ ਜਾਣ ਵਾਲੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਇੱਥੇ ਪੁੱਜੇ ਮੁੱਖ ਮੰਤਰੀ ਨੇ ਰੈਲੀ ਨੂੰ ਵੀ ਸੰਬੋਧਨ ਕੀਤਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ 31 ਮਈ ਤਕ ਰਿਪੋਰਟ ਭੇਜ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਮਿਲ ਜਾਵੇਗਾ।
ਇਸ ਮੌਕੇ ਕੈਪਟਨ ਨੇ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਕਾਰਨ ਮਾਛੀਵਾੜਾ ਸਾਹਿਬ ਦੀ ਧਰਤੀ ਬਹੁਤ ਪਵਿੱਤਰ ਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਇਸ ਸ਼ਹਿਰ ਦੇ ਵਾਸੀ ਰਹੇ ਗਨੀ ਖਾਂ ਨਬੀ ਖਾਂ ਦੀ ਯਾਦ ਵਿੱਚ ਵੱਡੀ ਯਾਦਗਾਰ ਸਥਾਪਤ ਕੀਤੀ ਜਾਵੇਗੀ। ਕੈਪਟਨ ਨੇ ਮਾਛੀਵਾੜਾ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਬੇਟ ਖੇਤਰ ਦੇ ਪਿੰਡਾਂ ਨੂੰ ਜੋੜਦੀ ਚੱਕ ਲੋਹਟ ਤਕ ਜਾਂਦੀ ਸੜਕ ਦੀ ਮੁਰੰਮਤ ਲਈ ਅੱਠ ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਰੋਪੜ ਰੋਡ ’ਤੇ ਸਥਿਤ ਪਿੰਡ ਕੱਚਾ ਮਾਛੀਵਾੜਾ ਵਿਖੇ ਨਵੀਂ ਸਿਹਤ ਡਿਸਪੈਂਸਰੀ ਵੀ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ।
ਮਾਛੀਵਾੜਾ ਤੇ ਸਮਰਾਲਾ ਸ਼ਹਿਰ ਦੇ ਵਿਕਾਸ ਲਈ 3 ਕਰੋੜ ਰੁਪਏ ਦੀ ਗ੍ਰਾਂਟ ਤੋਂ ਇਲਾਵਾ 20 ਲੱਖ ਰੁਪਏ ਸਮਰਾਲਾ ਸ਼ਹਿਰ ’ਚ ਕਮਿਊਨਿਟੀ ਸੈਂਟਰ ਲਈ ਖਰਚੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲਾ ਸ਼ਹਿਰ ਦੇ ਸੀਵਰੇਜ਼ ਪ੍ਰੋਜੈਕਟ ਨੂੰ ਮੁਕੰਮਲ ਲਈ ਜੋ ਵੀ ਗ੍ਰਾਂਟ ਦੀ ਜਰੂਰਤ ਹੋਵੇਗੀ ਉਹ ਮੁਹੱਈਆ ਕਰਵਾ ਦਿੱਤੀ ਜਾਵੇਗੀ। ਮਾਛੀਵਾੜਾ ’ਚ ਨਵੀਂ ਤਕਨੀਕੀ ਕਾਲਜ ਆਈਟੀਆਈ ਖੋਲ੍ਹੀ ਜਾਵੇਗੀ ਜਿੱਥੇ ਇਲਾਕੇ ਦੇ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਤਕਨੀਕੀ ਕੋਰਸ ਕਰ ਸਕਣਗੇ।