ਰਮਨਦੀਪ ਕੌਰ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਉਦੋਂ ਤੋਂ ਉਨ੍ਹਾਂ ਦਾ ਰੋਹ ਨਵਜੋਤ ਸਿੱਧੂ ਖਿਲਾਫ਼ ਹੋਰ ਵੀ ਵਧ ਗਿਆ ਹੈ। ਹਾਲਾਤ ਇਹ ਹਨ ਕਿ ਕੈਪਟਨ ਸ਼ਰੇਆਮ ਨਵਜੋਤ ਸਿੱਧੂ ਖਿਲਾਫ ਵੱਡੇ-ਵੱਡੇ ਦਾਅਵੇ ਕਰਦੇ ਨਜ਼ਰ ਆਉਂਦੇ ਹਨ। ਅੱਜ ਤਾਂ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਧੂ ਨੂੰ ਕਦੇ ਜਿੱਤਣ ਨਹੀਂ ਦੇਵਾਂਗਾ।
ਕੈਪਟਨ ਨੇ ਕਿਹਾ ਕਿ 'ਮੈਂ ਪਹਿਲਾਂ ਵੀ ਕਈ ਵਾਰ ਕਿਹਾ ਸੀ ਕਿ ਸਿੱਧੂ ਪੰਜਾਬ ਲਈ ਸਹੀ ਇਨਸਾਨ ਨਹੀਂ ਹੈ।' ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਜੇਕਰ ਉਹ ਚੋਣ ਲੜਦਾ ਹੈ ਤਾਂ ਮੈਂ ਉਸ ਨੂੰ ਜਿੱਤਣ ਨਹੀਂ ਦੇਵਾਂਗਾ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਕੈਪਟਨ ਕਾਂਗਰਸ ਛੱਡ ਕੇ ਕੋਈ ਹੋਰ ਪਾਰਟੀ ਜੁਆਇਨ ਕਰ ਰਹੇ ਹਨ ਜਾਂ ਉਨ੍ਹਾਂ ਦੀ ਕੋਈ ਹੋਰ ਰਣਨੀਤੀ ਹੈ।
ਕੈਪਟਨ ਨੇ ਜਦੋਂ ਤੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਉਨ੍ਹਾਂ ਦਾ ਗੁੱਸਾ ਨਵਜੋਤ ਸਿੱਧੂ ਖਿਲਾਫ ਹੀ ਨਿੱਕਲ ਰਿਹਾ ਹੈ। ਕਦੇ ਇਹ ਕਹਿੰਦੇ ਹਨ ਕਿ ਸਿੱਧੂ ਨੂੰ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਵਾਂਗਾ, ਕਦੇ ਇਹ ਕਹਿੰਦੇ ਕਿ ਸਿੱਧੂ ਪੰਜਾਬ ਲਈ ਖਤਰਾ ਹੈ। ਹੁਣ ਇਹ ਐਲਾਨ ਕਰ ਦਿੱਤਾ ਕਿ ਉਸ ਨੂੰ ਕਦੇ ਜਿੱਤਣ ਨਹੀਂ ਦੇਵਾਂਗਾ। ਕੈਪਟਨ-ਸਿੱਧੂ ਵਿਵਾਦ ਦਾ ਅੰਤ ਕੀ ਹੈ ਜਾਂ ਨਤੀਜਾ ਕੀ ਹੈ ਇਹ ਦਿਨ ਬ ਦਿਨ ਹੋਰ ਦਿਲਚਸਪ ਵੀ ਹੋ ਰਿਹਾ ਹੈ ਤੇ ਪੰਜਾਬ ਦੀ ਸਿਆਸਤ ਲਈ ਵੱਡਾ ਸਵਾਲ ਵੀ ਬਣਿਆ ਹੋਇਾ ਹੈ।