ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ-ਕੱਲ੍ਹ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਵਿਵਾਦ ਚੱਲ ਰਿਹਾ ਹੈ ਪਰ ਇਸ ਦਾ ਕੈਪਟਨ ’ਤੇ ਕੋਈ ਬਹੁਤਾ ਅਸਰ ਵਿਖਾਈ ਨਹੀਂ ਦਿੰਦਾ। ਕੱਲ੍ਹ ਵੀਰਵਾਰ ਨੂੰ ਉਹ ਭਾਰਤੀ ਫ਼ੌਜ ਦੀਆਂ ਦੋ ਸਿੱਖ ਰੈਜੀਮੈਂਟਸ ਦੇ ਜਵਾਨਾਂ ਨਾਲ ਡਾਂਸ ਕਰਦੇ ਦਿੱਸੇ। ਰੈਜਿਮੈਂਟ ਦੇ 175ਵੇਂ ਸਥਾਪਨਾ ਦਿਵਸ ਮੌਕੇ ਇਹ ਸਮਾਰੋਹ ਰੱਖਿਆ ਗਿਆ ਸੀ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਇਸੇ ਰੈਜੀਮੈਂਟ ’ਚ ਸੇਵਾ ਨਿਭਾ ਚੁੱਕੇ ਹਨ।


ਇਸੇ ਸਮਾਰੋਹ ’ਚ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਫ਼ੌਜੀ ਜਵਾਨਾਂ ਨਾਲ ਨੱਚਦੇ ਦਿਸੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਸਾਰੇ ਪਾਰਟੀ ਵਿਧਾਇਕਾਂ ਨੂੰ ਆਪਣੇ ਕੋਲ ਚਾਹ ਪੀਣ ਦਾ ਸੱਦਾ ਦਿੱਤਾ ਹੈ ਤੇ ਉੱਥੋਂ ਫਿਰ ਸਾਰੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ’ਤੇ ਜਾਣਗੇ। ਸਾਰੇ ਵਿਧਾਇਕ ਤੇ ਹੋਰ ਸੀਨੀਅਰ ਪਾਰਟੀ ਆਗੂ ਪਹਿਲਾਂ 10 ਵਜੇ ਪੰਜਾਬ ਭਵਨ ’ਚ ਕੈਪਟਨ ਅਮਰਿੰਦਰ ਸਿੰਘ ਨਾਲ ਚਾਹ ਪੀਣਗੇ ਤੇ ਫਿਰ ਸਾਰੇ ਸੈਕਟਰ-15 ਸਥਿਤ ਕਾਂਗਰਸ ਭਵਨ ਜਾਣਗੇ।


 




ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਉਸ ਸਟੈਂਡ ’ਤੇ ਅੜੇ ਹੋਏ ਸਨ ਕਿ ਸਿੱਧੂ ਪਹਿਲਾਂ ਸਰਕਾਰ ਬਾਰੇ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਉਨ੍ਹਾਂ ਤੋਂ ਜਨਤਕ ਮੁਆਫ਼ੀ ਮੰਗਣ। ਤੁਹਾਨੂੰ ਯਾਦ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਬਿਜਲੀ ਸੰਕਟ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੀ ਹੀ ਕਾਂਗਰਸ ਸਰਕਾਰ ਵਿਰੁੱਧ ਕਈ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ।


ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਨਾਲ 62 ਵਿਧਾਇਕਾਂ ਦਾ ਸਮਰਥਨ ਹੋਣ ਦਾ ਸਬੂਤ ਵੀ ਪੇਸ਼ ਕਰ ਦਿੱਤਾ ਸੀ; ਜਿਨ੍ਹਾਂ ਵਿੱਚ ਚਾਰ ਕੈਬਨਿਟ ਮੰਤਰੀ ਵੀ ਹਨ।


ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅੰਦਰਖਾਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਕਾਰਵਾਈ ਦਾ ਮਨ ਬਣਾਇਆ ਹੈ, ਜਿਹੜੇ ਅੱਜ ਉਨ੍ਹਾਂ ਵਿਰੁੱਧ ਸਭ ਤੋਂ ਵੱਧ ਬਗ਼ਾਵਤੀ ਰੌਂਅ ਵਿਖਾ ਰਹੇ ਹਨ।