ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਰੇਲਾਂ ਚਲਾਉਣ ਵਾਲੀ ਸ਼ਰਤ ਠੁਕਰਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਲਈ ਘੜਿਆ ਗਿਆ ਨਵਾਂ ਬਹਾਨਾ ‘ਤਰਕਹੀਣ’ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫ਼ਰ ਗੱਡੀਆਂ ਨਾਲ ਜੋੜਨਾ ਮਹਿਜ਼ ਬਹਾਨਾ ਹੈ।
ਕੈਪਟਨ ਨੇ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਜੇਕਰ ਇਸੇ ਤਰੀਕੇ ਨਾਲ ਜ਼ਰੂਰੀ ਵਸਤਾਂ ਤੋਂ ਵਾਂਝਿਆਂ ਰੱਖਿਆ ਗਿਆ ਤਾਂ ਹਾਲਾਤ ਗੰਭੀਰ ਬਣ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਰੇਲ ਮਾਰਗਾਂ ਤੋਂ ਮੁਕੰਮਲ ਰੋਕਾਂ ਹਟਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਇਸ ਮੁੱਦੇ ’ਤੇ ਕੇਂਦਰ ਨੂੰ ਥਾਪੜਾ ਦੇ ਕੇ ਕਿਸਾਨ ਰੋਹ ਨੂੰ ਹਵਾ ਦੇਣ ਦਾ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਦਾ ਅੜੀਅਲ ਵਤੀਰਾ, ਜਿਸ ਨੂੰ ਭਾਜਪਾ ਵੀ ਧੜੱਲੇ ਨਾਲ ਥਾਪੜਾ ਦੇ ਰਹੀ ਹੈ, ਮਾਲ ਗੱਡੀਆਂ ਦੇ ਮੁੱਦੇ ਦੀ ਪੇਚੀਦਗੀ ਨੂੰ ਸੁਲਝਾਉਣ ਵਿੱਚ ਇਰਾਦੇ ਦੀ ਘਾਟ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਖਾਲੀ ਕਰਨ ਤੇ ਮਾਲ ਗੱਡੀਆਂ ਦੀ ਸੁਰੱਖਿਆ ਲਈ ਨਿੱਜੀ ਤੌਰ ’ਤੇ ਗਾਰੰਟੀ ਦੇਣ ਤੇ ਇੱਥੋਂ ਤੱਕ ਕਿ ਜੀਆਰਪੀ ਰੇਲਵੇ ਦੀ ਸੁਰੱਖਿਆ ਲਈ ਹੋਣ ਦੇ ਬਾਵਜੂਦ ਰੇਲਵੇ ਵੱਲੋਂ ਪੰਜਾਬ ਵਿੱਚ ਰੇਲ ਸੇਵਾਵਾਂ ਮੁਅੱਤਲ ਕਰਨ ਲਈ ਇਕ ਤੋਂ ਇੱਕ ਬਹਾਨਾ ਕਿਉਂ ਘੜਿਆ ਜਾ ਰਿਹਾ ਹੈ?’’
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ