ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਚਰਚਾ ਛਿੜ ਗਈ ਹੈ ਕਿ ਉਹ ਅਗਲੇ ਦਿਨਾਂ ਵਿੱਚ ਵੱਡਾ ਧਮਾਕਾ ਕਰਨਗੇ। ਇਸ ਦੇ ਸੰਕੇਤ ਖੁਦ ਕੈਪਟਨ ਨੇ ਹੀ ਦਿੱਤੇ ਹਨ। ਮੀਡੀਆ ਦੇ ਇੱਕ ਹਿੱਸੇ ਵਿੱਚ ਚਰਚਾ ਹੈ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਨਾਲ ਬਹੁਤੇ ਸਿਆਸੀ ਮਾਹਿਰ ਇਤਫਾਕ ਨਹੀਂ ਰੱਖਦੇ। ਉਂਝ ਬੀਜੇਪੀ ਨੇ ਕੈਪਟਨ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਮਗਰੋਂ ਸਪਸ਼ਟ ਕਿਹਾ ਹੈ ਕਿ ਉਹ ਫ਼ੌਜੀ ਹਨ ਤੇ ਫ਼ੌਜ ਵਿੱਚ ਟਾਸਕ ਦਿੱਤੇ ਜਾਂਦੇ ਹਨ। ਇੱਕ ਟਾਸਕ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਜੀਵਨ ਅਜੇ ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਕਾਂਗਰਸ ਵਿਚ ਹੀ ਹਨ ਪਰ ਉਨ੍ਹਾਂ ਲਈ ਸਿਆਸੀ ਰਾਹ ਖੁੱਲ੍ਹੇ ਹੋਏ ਹਨ। ਇਸ ਤੋਂ ਸਪਸ਼ਟ ਹੈ ਕਿ ਕੈਪਟਨ ਅਗਲੇ ਦਿਨਾਂ ਵਿੱਚ ਕੋਈ ਵੱਡਾ ਫੈਸਲਾ ਲੈਣਗੇ।
ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦਾ ਹੁਣ ਕਾਂਗਰਸ ਵਿੱਚ ਰਹਿਣਾ ਔਖਾ ਹੈ। ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਕੈਪਟਨ ਦੇ ਵਿਰੋਧੀ ਧੜੇ ਦੀ ਚੜ੍ਹਤ ਹੈ ਤੇ ਦੂਜੇ ਪਾਸੇ ਹਾਈਕਮਾਨ ਵੀ ਹੁਣ ਕੈਪਟਨ ਦਾ ਸਾਥ ਨਹੀਂ ਦੇ ਰਹੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਕਮਾਨ ਹੁਣ ਨਵਜੋਤ ਸਿੱਧੂ ਦੇ ਹੱਥ ਹੈ ਤੇ ਮੁੱਖ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਕੈਪਟਨ ਨੂੰ ਸਿਰਫ ਇੱਕ ਵਿਧਾਇਕ ਵਜੋਂ ਸਿੱਧੂ ਨਾਲ ਚੱਲਣਾ ਔਖਾ ਹੋਏਗਾ।
ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੈਪਟਨ ਹਾਈਕਾਮਨ ਤੋਂ ਕਾਫੀ ਔਖੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਹਾਈ ਕਮਾਨ ਦੇ ਰਵੱਈਏ ਤੋਂ ਅਪਮਾਨਿਤ ਮਹਿਸੂਸ ਕਰ ਰਹੇ ਹਨ ਤੇ ਇਸ ਜ਼ਲਾਲਤ ਦੇ ਚੱਲਦਿਆਂ ਉਨ੍ਹਾਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਦੋ ਮਹੀਨਿਆਂ ਵਿੱਚ ਅੱਜ ਤੀਜੀ ਵਾਰ ਵਿਧਾਇਕਾਂ ਨੂੰ ਬੁਲਾਇਆ ਜਿਸ ਕਰਕੇ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦੇ ਹਨ।