ਚੰਡੀਗੜ੍ਹ: ਪੰਜਾਬ ਅੰਦਰ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਉਂਝ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਅਜੇ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਲੋਕਾਂ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ ਫਿਕਰ ਵਾਲੀ ਗੱਲ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਰਾਜਾਂ ਅੰਦਰ ਅਲਰਟ ਜਾਰੀ ਕਰਨ ਮਗਰੋਂ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।



1. ਪੰਜਾਬ ਸਰਕਾਰ ਨੇ ਪਹਿਲੀ ਮਾਰਚ ਤੋਂ ਇਕੱਠਾਂ ’ਤੇ ਬੰਦਿਸ਼ਾਂ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਹੁਣ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰ ਦਿੱਤੀ ਗਈ ਹੈ।

2. ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੌਟਸਪੌਟ ਇਲਾਕਿਆਂ ਵਿੱਚ ਲੋੜ ਪੈਣ ’ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ ਗਿਆ ਹੈ।

3. ਮਾਸਕ, ਸਮਾਜਿਕ ਦੂਰੀ ਦੀ ਸਖ਼ਤੀ ਨਾਲ ਪਾਲਣ ਕਰਨ ਤੇ ਟੈਸਟਿੰਗ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 30,000 ਤੱਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

4. ਨਵੇਂ ਹਾਲਾਤ ’ਚ ਮਾਈਕ੍ਰੋ ਕੰਟੇਨਮੈਂਟ ਰਣਨੀਤੀ ਵੀ ਅਪਣਾਈ ਜਾਵੇਗੀ।

5. ਪੁਲਿਸ ਨੂੰ ਮਾਸਕ ਪਹਿਨਣ, ਸਾਰੇ ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਵੱਲੋਂ ਕੋਵਿਡ ਨਿਗਰਾਨ ਲਾਉਣ ਬਾਰੇ ਜਾਰੀ ਨੋਟੀਫਿਕੇਸ਼ਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

6. ਸਿਨੇਮਾਘਰਾਂ ਵਿੱਚ ਗਿਣਤੀ ਘੱਟ ਕਰਨ ਦਾ ਫੈਸਲਾ ਪਹਿਲੀ ਮਾਰਚ ਤੋਂ ਬਾਅਦ ਲਿਆ ਜਾਵੇਗਾ।

7. ਪ੍ਰਾਈਵੇਟ ਦਫ਼ਤਰਾਂ ਤੇ ਰੈਸਟੋਰੈਂਟਾਂ ਨੂੰ ਸਾਰੇ ਮੁਲਾਜ਼ਮਾਂ ਲਈ ਕਰੋਨਾ ਟੈਸਟਾਂ ਦੀ ਤਾਜ਼ਾ ਰਿਪੋਰਟ ਡਿਸਪਲੇਅ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ।

8. ਕੈਪਟਨ ਨੇ ਹਰੇਕ ਪੌਜ਼ੇਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਹਨ।