Captain will meet the PM Modi: ਹਰਿਆਣਾ ਦੀਆਂ ਸਰਹੱਦਾਂ 'ਤੇ ਡਟੇ ਹੋਏ ਕਿਸਾਨਾਂ ਨੂੰ ਅੱਜ 7 ਦਿਨ ਹੋ ਗਏ ਹਨ। ਪਿਛਲੀ ਰਾਤ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਤਾਂ ਹੋਈ ਪਰ ਹੱਲ ਫਿਰ ਵੀ ਕੋਈ ਨਹੀਂ ਨਿਕਲਿਆ। ਐਤਵਾਰ ਨੂੰ ਕਿਸਾਨ ਲੀਡਰਾਂ ਅਤੇ ਕੇਂਦਰ ਸਰਕਾਰ ਵਿਚਾਲੇ ਚੌਥੇ ਦੌਰ ਦੀ ਬੈਠਕ 'ਚ ਕੇਂਦਰੀ ਮੰਤਰੀਆਂ ਨੇ 4 ਫਸਲਾਂ 'ਤੇ MSP ਦੇਣ ਦੀ ਪੇਸ਼ਕਸ਼ ਕੀਤੀ। ਹਲਾਂਕਿ ਚੌਥੀ ਮੀਟਿੰਗ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੀ। 



ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੀ ਸਮੱਸਿਆ ਉਹ ਦਿੱਲੀ ਦਰਬਾਰ ਤੱਕ ਪਹੁੰਚਾਉਣਗੇ। ਇੱਕ ਨਿੱਜੀ ਚੈੈਨਲ ਨੂੰ ਦਿੱਤੀ ਜਾਣਕਾਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਿ ਉਹ ਅੱਜ ਸ਼ਾਮ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਕਿਸਾਨਾਂ ਦੇ ਮੁੱਦੇ ਚੁੱਕਣਗੇ। ਕੈਪਟਨ ਨੇ ਕਿਹਾ ਕਿ ਪੀਐਮ ਮੋਦੀ ਨੂੰ ਕਿਸਾਨਾਂ ਪ੍ਰਤੀ ਹਮਦਰਦੀ ਹੈ। ਅਜਿਹੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਦਾ ਜ਼ਰੂਰ ਹੱਲ ਕੱਢੇਗੀ ਜਿਸ ਦਾ ਮੈਨੂੰ ਪੂਰਾ ਭਰੋਸਾ ਹੈ। 



ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨੇ ਪਿਛਲੇ ਦੋ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲਾ ਪਟਿਆਲਾ ਬਾਹਰ ਧਰਨਾ ਵੀ ਦਿੱਤਾ ਸੀ। ਕਿਸਾਨ ਜਥੇਬੰਦੀ ਨੇ ਪੰਜਾਬ ਭਾਜਪਾ ਦੇ  ਲੀਡਰ ਸੁਨੀਲ ਜਾਖੜ ਅਤੇ ਕੇਵਲ ਸਿੰਘ ਢਿੱਲੋਂ ਦੇ ਘਰ ਬਾਹਰ ਵੀ ਦੋ ਦਿਨ ਡੇਰੇ ਲਾਏ ਸਨ। ਕਿਸਾਨਾਂ ਨੇ ਇਹ ਰੋਸ ਹਰਿਆਣਾ ਸਰਕਾਰ ਵੱਲੋਂ ਬਾਕੀ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਸਰਹੱਦ 'ਤੇ ਰੋਕਣ ਅਤੇ ਅੱਥਰੂ ਗੈਸ, ਰਬੜ ਦੀਆਂ ਗੋਲਆਂ ਚਲਾਉਣ ਕਾਰਨ ਕੀਤਾ ਸੀ। 



ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡਾ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਮੈਂ ਖੁੱਦ ਬੀਜੇਪੀ ਪ੍ਰਧਾਨ ਜੇ.ਪੀ ਨੱਡਾ ਨੂੰ ਇਸ ਸਬੰਧੀ ਸਿਫਾਰਿਸ਼ ਕੀਤੀ ਸੀ ਕਿ ਗਠਜੋੜ ਹੋਣਾ ਚਾਹੀਦਾ ਹੈ। 



2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਸਨ। ਵੋਟਾਂ ਤੋਂ ਠੀਕ ਪਹਿਲਾਂ ਕਾਂਗਰਸ ਨੇ ਕੈਪਟਨ ਨੂੰ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਜਿਸ ਦੇ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਬੀਜੇਪੀ ਜੁਆਇਨ ਕਰ ਲਈ ਸੀ।