Punjab News: ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਮੁੜ ਕਾਂਗਰਸ ਵਿੱਚ ਗਏ ਲੀਡਰਾਂ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਵਿੱਚ ਵਾਪਸੀ ਕਰ ਸਕਦੇ ਹਨ ਕਿਉਂਕਿ ਪਾਰਟੀ ਛੱਡ ਚੁੱਕੇ ਇਹ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਦੱਸੇ ਜਾਂਦੇ ਹਨ।
ਇਨ੍ਹਾਂ ਕਿਆਸਰਾਈਆਂ ਦੇ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਰਿਪੋਰਟਾਂ ਨਾ ਸਿਰਫ ਬੇਬੁਨਿਆਦ ਹਨ, ਬਲਕਿ ਬਦਨੀਤੀ ਵਾਲੀਆਂ ਹਨ ਅਤੇ ਭੰਬਲਭੂਸਾ ਪੈਦਾ ਕਰਨ ਲਈ ਜਾਣਬੁੱਝ ਕੇ ਫੈਲਾਈਆਂ ਜਾ ਰਹੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਫੈਸਲਾ ਚੰਗੀ ਤਰ੍ਹਾਂ ਸੋਚਿਆ ਅਤੇ ਅਟੱਲ ਸੀ। ਉਨ੍ਹਾਂ ਕਿਹਾ ਕਿ ਉਹ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵੱਲੋਂ ਉਨ੍ਹਾਂ ਨੂੰ ਜੋ ਵੀ ਭੂਮਿਕਾ ਅਤੇ ਡਿਊਟੀ ਸੌਂਪੀ ਗਈ ਹੈ, ਉਸ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਜੀਵਨ ਦਾ ਸਿਧਾਂਤ ਰਿਹਾ ਹੈ ਕਿ ਕਦੇ ਵੀ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਾ ਹੈ। “ਇੱਕ ਵਾਰ ਜਦੋਂ ਮੈਂ ਕੋਈ ਫੈਸਲਾ ਲੈਂਦਾ ਹਾਂ ਤਾਂ ਮੈਂ ਇਸ ਬਾਰੇ ਦ੍ਰਿੜ ਰਹਿੰਦਾ ਹਾਂ”, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਦੂਜੇ ਵਿਚਾਰ ਜਾਂ ਕਿਸੇ ਨੂੰ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਕੈਪਟਨ ਖੇਮੇ ਦੇ ਆਗੂਆਂ ਦੀ ਵਾਪਸੀ ਦਾ ਕੀ ਕਾਰਨ ?
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕੈਪਟਨ ਕੈਂਪ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸਾਬਕਾ ਮੰਤਰੀ ਡਾ: ਰਾਜਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਹੰਸ ਰਾਜ ਜੋਸਨ, ਕਮਲਜੀਤ ਸਿੰਘ ਢਿੱਲੋਂ ਕਾਂਗਰਸੀ ਆਗੂ ਹਨ ਜਿਨ੍ਹਾਂ ਦੀ ਮੁੜ ਘਰ ਵਾਪਸੀ ਹੋਈ ਹੈ। ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਪੁਰਾਣੀ ਪਾਰਟੀ ਹੈ, ਉਨ੍ਹਾਂ ਨੇ ਪਾਰਟੀ ਛੱਡ ਕੇ ਗਲਤੀ ਕੀਤੀ ਹੈ। ਉਸ ਨੇ ਹੁਣ ਇਸ ਨੂੰ ਠੀਕ ਕਰ ਦਿੱਤਾ ਹੈ। ਜਦੋਂਕਿ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਭਾਜਪਾ ਵਿੱਚ ਜਾਤੀਵਾਦ ਭਾਰੂ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ। ਭਾਜਪਾ ਸਾਰੇ ਨੇਤਾਵਾਂ ਨੂੰ ਬਰਾਬਰ ਨਹੀਂ ਮੰਨਦੀ, ਵਿਤਕਰਾ ਕਰਦੀ ਹੈ।