Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੀ ‘ਪੰਜਾਬ ਲੋਕ ਕਾਂਗਰਸ ਪਾਰਟੀ’ ਦਾ ਬੀਜੇਪੀ ਵਿੱਚ ਰਲੇਵਾਂ ਕਰਨਗੇ। ਇਸ ਦੌਰਾਨ ਦੋ ਦਰਜਨ ਦੇ ਕਰੀਬ ਸਾਬਕਾ ਵਿਧਾਇਕ ਤੇ ਹੋਰ ਲੀਡਰ ਵੀ ਭਾਜਪਾ ’ਚ ਸ਼ਾਮਲ ਹੋਣਗੇ। ਕੈਪਟਨ ਤੇ ਉਸ ਦੇ ਸਾਥੀ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨਗੇ। 


ਅਹਿਮ ਗੱਲ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਨੀਤ ਕੌਰ ਬੀਜੇਪੀ ਵਿੱਚ ਸ਼ਾਮਲ ਨਹੀਂ ਹੋ ਰਹੀ। ਪਰਨੀਤ ਕੌਰ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਟੀਮ ਨਾਲ ਬੀਜੇਪੀ ’ਚ ਸ਼ਾਮਲ ਹੋਣ ਜਾ ਰਹੇ ਹਨ ਜਿਸ ਦਾ ਬੀਜੇਪੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਲਾਹਾ ਮਿਲੇਗਾ। ਉਨ੍ਹਾਂ ਖੁਦ ਕਾਂਗਰਸ ਤਰਫੋਂ ਲੋਕ ਸਭਾ ਮੈਂਬਰ ਹੋਣ ਬਾਰੇ ਕਿਹਾ ਕਿ ਉਹ ਕਾਂਗਰਸ ਵਿੱਚ ਹਨ ਤੇ ਭਵਿੱਖ ਵਿੱਚ ਵੀ ਕਾਂਗਰਸ ਵਿੱਚ ਹੀ ਰਹਿਣਗੇ, ਭਾਵੇਂ ਪਾਰਟੀ ਅਗਲੀ ਵਾਰ ਉਨ੍ਹਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ।  


ਦੱਸ ਦਈਏ ਕਿ ਕਾਂਗਰਸ ’ਚ ਪਈ ਫੁੱਟ ਮੌਕੇ ਨਵਜੋਤ ਸਿੱਧੂ, ਪ੍ਰਤਾਪ ਬਾਜਵਾ, ਚਰਨਜੀਤ ਚੰਨੀ,  ਰਾਜਾ ਵੜਿੰਗ ਵੱਲੋਂ ਕੀਤੇ ਗਏ ਵਿਰੋਧ ਮਗਰੋਂ ਪਾਰਟੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਲੈ ਲਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਦੇ ਬੀਜੇਪੀ ਨਾਲ ਗੱਠਜੋੜ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ।  


ਯਾਦ ਰਹੇ ਕੈਪਟਨ 7ਵੀਂ ਵਾਰ ਰਾਜਸੀ ਪਾਲਾ ਬਦਲਣਗੇ। ਸ਼ਾਹੀ ਪਰਿਵਾਰ ਬੀਜੇਪੀ ਦੀ ਤਰਫ਼ੋਂ ਰਾਜ ਸਭਾ ਮੈਂਬਰੀ ਦਾ ਆਨੰਦ ਵੀ ਮਾਣ ਚੁੱਕਾ ਹੈ। ਕੈਪਟਨ ਨੇ ਪਹਿਲੀ ਚੋਣ 1970 ’ਚ ਡਕਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀ। ਫਿਰ ਉਹ ਕਾਂਗਰਸ ’ਚ ਸ਼ਾਮਲ ਹੋ ਗਏ। ਕੁਝ ਸਮੇਂ ਮਗਰੋਂ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ। 


ਇਸ ਮਗਰੋਂ 1992 ’ਚ ਅਕਾਲੀਆਂ ਦੇ ਬਾਈਕਾਟ ਕਾਰਨ ਕੈਪਟਨ ਨੇ ਖ਼ੁਦ ਦੀ ਪਾਰਟੀ ਬਣਾ ਲਈ ਪਰ ਕੁਝ ਸਮੇਂ ਬਾਅਦ ਫਿਰ ਅਕਾਲੀ ਦਲ ’ਚ ਰਲ ਗਏ। ਜਦ 1997 ਦੀਆਂ ਚੋਣਾਂ ’ਚ ਅਕਾਲੀਆਂ ਨੇ ਟਿਕਟ ਨਾ ਦਿੱਤੀ ਤਾਂ ਫਿਰ ਕਾਂਗਰਸ ’ਚ ਆ ਗਏ ਤੇ ਅੱਜ ਫਿਰ ਭਾਜਪਾ ’ਚ ਸ਼ਾਮਲ ਹੋਣਗੇ।