ਚੰਡੀਗੜ੍ਹ: ਕੈਪਟਨ ਸਰਕਾਰ ਖਿਲਾਫ ਇੱਕ ਹੋਰ ਕਾਂਗਰਸੀ ਵਿਧਾਇਕ ਨੇ ਬਗਾਵਤ ਕੀਤੀ ਹੈ। ਸ਼ੁਤਰਾਣਾ ਵਿਧਾਨ ਸਭ ਹਲਕਾ ਤੋਂ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਪਣੀ ਹੀ ਸਰਕਾਰ ਅੰਦਰ ਕੋਈ ਸੁਣਵਾਈ ਨਹੀਂ। ਉਹ ਜਦੋਂ ਜਨਤਾ ਦੇ ਕੰਮ ਲਈ ਜਾਂਦੇ ਹਨ ਤਾਂ ਕਲਰਕ ਵੀ ਉਨ੍ਹਾਂ ਦੀ ਗੱਲ਼ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਹੀ ਸਰਕਾਰ ਚਲਾ ਰਹੇ ਹਨ। ਕੈਪਟਨ ਤਾਂ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਸਭ ਕੁਝ ਅਫ਼ਸਰਸ਼ਾਹੀ ਦੇ ਹੱਥ ਹੈ। ਕੈਪਟਨ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੇ ਹੱਥ ਸਾਰੀ ਕਮਾਨ ਹੈ।


ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਹੁਣ ਤੱਕ ਸਿਰਫ ਇੱਕ ਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਹੈ। ਕੈਪਟਨ ਦੇ ਓਐਸਡੀ ਕੋਲ ਰੋਣਾ ਰੋਣ ਦੇ ਬਾਵਜੂਦ ਨਿਰਮਲ ਸਿੰਘ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ। ਨਿਰਮਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇੱਕ ਦਸੰਬਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਧਰਨੇ 'ਤੇ ਬੈਠਣਗੇ।

ਵਿਧਾਇਕ ਨੇ ਕਿਹਾ ਕਿ ਕੋਈ ਇਸ ਲਈ ਨਹੀਂ ਬੋਲਦਾ ਕਿਉਂਕਿ ਆਵਾਜ਼ ਚੁੱਕਣ 'ਤੇ ਟਿਕਟ ਕੱਟਣ ਦਾ ਡਰਾਵਾ ਦਿੱਤਾ ਜਾਂਦਾ ਹੈ। ਨਿਰਮਲ ਸਿੰਘ ਨੇ ਕਿਹਾ ਕਿ ਉਹ ਟਿਕਟ ਕੱਟਣ ਤੋਂ ਨਹੀਂ ਡਰਦੇ। ਇਸ ਲਈ ਉਹ ਆਪਣੀ ਹੀ ਸਰਕਾਰ ਦੀ ਨਾਕਾਮੀਆਂ ਉਜ਼ਾਗਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਅਫਸਰਸ਼ਾਹੀ ਖਿਲਾਫ ਬੈਠਕਾਂ ਕੀਤੀਆਂ ਗਈਆਂ ਪਰ ਇਸ ਦਾ ਕੋਈ ਅਸਰ ਨਹੀਂ। ਹੋਰ ਤਾਂ ਹੋਰ ਮੰਤਰੀ ਵੀ ਵਿਧਾਇਕਾਂ ਦੀ ਨਹੀਂ ਸੁਣਦੇ। ਇਸ ਲਈ ਵਿਧਾਇਕਾਂ ਦੇ ਕੋਈ ਕੰਮ ਨਹੀਂ ਹੋ ਰਹੇ। ਲੋਕ ਉਨ੍ਹਾਂ ਨਾਲ ਖਫਾ ਹੁੰਦੇ ਹਨ ਕਿ ਆਪਣੀ ਸਰਕਾਰ ਹੋਣ ਦੇ ਬਾਵਜੂਦ ਉਹ ਕੰਮ ਨਹੀਂ ਕਰਵਾ ਸਕਦੇ।