ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ ਤੇ ਨਸ਼ਿਆਂ ਸਮੇਤ ਪੰਜਾਬ ਤੇ ਹਰਿਆਣਾ ਦਰਮਿਆਨ ਜਾਰੀ ਵਿਵਾਦਾਂ 'ਤੇ ਦੋਵੇਂ ਸੂਬਿਆਂ ਦੇ ਮੁਖੀਆਂ ਨੇ ਮੁਲਾਕਾਤ ਕੀਤੀ। ਐਸਵਾਈਐਲ ਦੇ ਮਸਲੇ 'ਤੇ ਕੈਪਟਨ ਨੇ ਆਪਣਾ ਸਟੈਂਡ ਤਾਂ ਨਹੀਂ ਬਦਲਿਆ, ਪਰ ਉਨ੍ਹਾਂ ਕਿਹਾ ਕਿ ਉਹ ਇਸ ਵਿਵਾਦ ਦਾ ਫੈਸਲਾ ਦੇਸ਼ ਹਿਤ ਵਿੱਚ ਚਾਹੁੰਦੇ ਹਨ।



ਕੈਪਟਨ ਦਾ ਕਹਿਣਾ ਹੈ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਕਮੀ ਹੈ। ਜੇਕਰ ਪੰਜਾਬ ਕੋਲ ਵਾਧੂ ਪਾਣੀ ਹੋਵੇ ਤਾਂ ਉਸ ਨੂੰ ਵੰਡਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਵੀ ਬੀਤੇ ਕੱਲ੍ਹ ਹੀ ਮਿਲੀ ਹੈ ਅਤੇ ਇਸ ਮਸਲੇ ਦਾ ਹੱਲ ਸਿਰਫ ਤੇ ਸਿਰਫ ਗੱਲਬਾਤ ਰਾਹੀਂ ਹੀ ਸੰਭਵ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਅਫਸਰਾਂ ਦੀ ਕਮੇਟੀ ਦਾ ਗਠਨ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਸ ਜਤਾਈ ਹਰਿਆਣਾ ਸਰਕਾਰ ਵੀ ਉਨ੍ਹਾਂ ਦੀ ਪਾਣੀ ਦੀ ਸਮੱਸਿਆ ਨੂੰ ਸਮਝੇਗੀ। ਪੰਜਾਬ ਦਾ ਸਟੈਂਡ, ਸਿਧਾਂਤ ਤੇ ਬਰਾਬਰਤਾ 'ਤੇ ਆਧਾਰਤ ਹੈ। ਖ਼ਦਸ਼ਾ ਕਿ ਪੰਜਾਬ ਵਿੱਚ ਘੱਟਦਾ ਪਾਣੀ ਦਾ ਪੱਧਰ ਸੂਬੇ ਦੇ ਰੇਗਿਸਤਾਨ ਵੱਲ ਵੱਧਣ ਦੀ ਨਿਸ਼ਾਨੀ ਹੈ। ਆਸ ਹੈ ਕਿ ਹਰਿਆਣਾ ਇਸ ਮਜਬੂਰੀ ਨੂੰ ਸਮਝੇਗਾ ਤੇ ਦੇਸ਼ ਹਿੱਤ ਵਿੱਚ ਇਸ ਵਿਵਾਦ ਦਾ ਕੋਈ ਹੱਲ ਨਿੱਕਲੇ।