ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ 2022 ਪੰਜਾਬ ਵਿਧਾਨ ਸਭਾ ਚੋਣਾਂ 'ਚ ਫਿਰ ਤੋਂ ਨਿੱਤਰਣਗੇ। ਇਸ ਬਾਬਤ ਉਨ੍ਹਾਂ ਤਿਆਰੀਆਂ ਹੁਣ ਤੋਂ ਹੀ ਵਿੱਢ ਦਿੱਤੀਆਂ ਹਨ। ਦਰਅਸਲ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਜਵਾਬ ਮਿਲਣ ਮਗਰੋਂ ਕੈਪਟਨ ਨੇ ਹੁਣ ਆਪਣੇ ਪੱਧਰ 'ਤੇ ਹੀ ਰਣਨੀਤੀ ਤੇ ਕੰਮ ਆਰੰਭ ਦਿੱਤਾ ਹੈ। ਇਸ ਤਹਿਤ ਕੈਪਟਨ ਨੇ ਹੁਣ 2022 ਮਿਸ਼ਨ ਫਤਹਿ ਕਰਨ ਦੀ ਰਣਨੀਤੀ ਲਈ ਸ਼ਾਹੀ ਭੋਜ ਨੂੰ ਹਿੱਸਾ ਬਣਾਇਆ ਹੈ।
ਕੈਪਟਨ ਵਾਰ-ਵਾਰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨਾਲ ਲੰਚ 'ਤੇ ਮੁਲਾਕਾਤ ਕਰਨਗੇ। ਮੁੱਖ ਮੰਤਰੀ ਨੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਮੰਤਰੀ ਸੁਖਬਿੰਦਰ ਸਰਕਾਰੀਆਂ ਨੂੰ ਲੰਚ ਤੇ ਬੁਲਾਇਆ ਸੀ। ਕਰੀਬ ਤਿੰਨ ਘੰਟੇ ਇਨ੍ਹਾਂ ਲੀਡਰਾਂ ਨਾਲ ਮੁੱਖ ਮੰਤਰੀ ਨੇ ਗੱਲਬਾਤ ਕੀਤੀ।
ਮੰਨਿਆ ਜਾ ਰਿਹਾ ਕਿ ਮੁੱਖ ਮੰਤਰੀ ਨੇ ਦੁਪਹਿਰ ਦੇ ਖਾਣੇ ਦੌਰਾਨ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਵੀ ਅੰਮ੍ਰਿਤਸਰ ਦੇ ਦੋਵੇਂ ਵਿਧਾਇਕਾਂ ਨਾਲ ਚਰਚਾ ਕੀਤੀ ਹੈ। ਸ਼ਾਹੀ ਭੋਜ ਦੌਰਾਨ ਮੁੱਖ ਮੰਤਰੀ ਵਿਧਾਇਕਾਂ ਤੇ ਮੰਤਰੀਆਂ ਤੋਂ ਜਿੱਥੇ ਇਨ੍ਹਾਂ ਦੇ ਹਲਕਿਆਂ ਬਾਰੇ ਜਾਣਕਾਰੀ ਲੈਣਗੇ ਉੱਥੇ ਹੀ ਕੋਰੋਨਾ ਵਾਇਰਸ ਦੀ ਸਥਿਤੀ ਦੀ ਵੀ ਚਰਚਾ ਹੋਵੇਗੀ।
ਆਮ ਤੌਰ 'ਤੇ ਵਿਧਾਇਕਾਂ ਦਾ ਸ਼ਿਕਵਾ ਰਹਿੰਦਾ ਸੀ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੰਦੇ। ਅਜਿਹੇ 'ਚ ਹੁਣ 2022 ਵਿਧਾਨ ਚੋਣਾਂ ਨੇੜੇ ਆਉਂਦੀਆਂ ਦੇਖ ਕੈਪਟਨ ਨੇ ਵਿਧਾਇਕਾਂ ਨੂੰ ਵੀ ਨੇੜੇ ਲਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜ ਕੁਮਾਰ ਵੇਰਕਾ ਨੇ ਮੀਟਿੰਗ ਮਗਰੋਂ ਆਖਿਆ ਕਿ ਮੁੱਖ ਮੰਤਰੀ ਨਾਲ ਅੱਜ ਵਿਕਾਸ ਕੰਮਾਂ ਬਾਰੇ ਗੱਲਬਾਤ ਹੋਈ ਹੈ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਇਹੋ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਦੇ ਪੈਂਡਿੰਗ ਵਿਕਾਸ ਕੰਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ।
ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਨਵਜੋਤ ਸਿੱਧੂ ਬਾਰੇ ਕੋਈ ਗੱਲ ਨਹੀਂ ਹੋਈ ਪਰ ਨਵਜੋਤ ਸਿੱਧੂ ਦੀਆਂ ਸ਼ਿਕਾਇਤਾਂ ਜਲਦੀ ਦੂਰ ਕਰ ਦਿੱਤੀਆਂ ਜਾਣਗੀਆਂ। ਦਰਅਸਲ ਡਾ. ਵੇਰਕਾ ਨੇ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨਾਲ ਵੀ ਰਾਬਤਾ ਕਾਇਮ ਕੀਤਾ ਸੀ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੋ ਗੱਲਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਬੇਅਦਬੀ ਮਾਮਲੇ ’ਤੇ ਕੋਈ ਕਾਰਵਾਈ ਨਾ ਹੋਣਾ ਤੇ ਦੂਸਰਾ ਨਸ਼ਿਆਂ ਦੀ ਰੋਕਥਾਮ ਨਾ ਹੋਣ ਤੋਂ ਉਹ ਨਰਾਜ਼ ਹਨ।
ਮੰਨਿਆ ਜਾ ਰਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕੈਪਟਨ ਹਰ ਵਿਧਾਇਕਾਂ ਨਾਲ ਮੁਲਾਕਾਤ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਜੋ ਮੁੜ ਤੋਂ ਜਿੱਤ ਦਰਜ ਕਰਨ ਲਈ ਬਿਹਤਰ ਰਣਨੀਤੀ ਉਲੀਕ ਸਕਣ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ