ਨਵਾਂ ਸ਼ਹਿਰ: ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਵਿੱਚ ਖਟਕੜ ਕਲਾਂ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ ਜੰਗ ਲੜਨ ਲਈ ਨਵੀਂ ਫੌਜ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪੂਰੇ ਸੂਬੇ 'ਚ ਬਣਾਏ ਗਏ ਡਰੱਗਜ਼ ਐਬਿਊਜ਼ ਪ੍ਰੀਵੈਨਸ਼ਨ ਅਫਸਰਾਂ (ਡੈਪੋ) ਨੂੰ ਸਹੁੰ ਚੁਕਾਈ। ਡੈਪੋ ਬਣੇ ਇਹ ਨੌਜਵਾਨ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੁਕ ਕਰਨਗੇ।

ਨਸ਼ਿਆਂ ਖਿਲਾਫ ਬਣੀ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੈਪੋ ਦਾ ਪਹਿਲਾ ਅਫਸਰ ਬਣਾਇਆ। ਦੂਜਾ ਅਫਸਰ ਬਣਨ ਦਾ ਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਲੈ ਕੇ ਆਮ ਬੰਦੇ ਤੱਕ ਸਾਰੇ ਨਸ਼ਿਆਂ ਖਿਲਾਫ ਲੜਨਗੇ। ਉਨ੍ਹਾਂ ਕਿਹਾ ਕਿ ਸੂਬੇ 'ਚ ਹੁਣ ਤੱਕ ਸਵਾ ਚਾਰ ਲੱਖ ਨੌਜਵਾਨਾਂ ਨੇ ਡੈਪੋ ਬਣਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਇੱਕ ਵਾਰ ਮੁੜ ਕਿਹਾ ਕਿ ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣਾ ਚਾਹੀਦਾ ਹੈ। ਇਸ ਲਈ ਚਿੱਠੀ ਵੀ ਲਿਖੀ ਹੈ।

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਹਰ ਮਹੀਨੇ ਨੌਜਵਾਨਾਂ ਨੂੰ ਇੱਥੇ ਆਉਣਾ ਚਾਹੀਦਾ ਹੈ। ਇਹ ਸਕੂਲਾਂ ਵਾਸਤੇ ਲਾਜ਼ਮੀ ਕਰਨਾ ਚਾਹੀਦਾ ਹੈ। 56 ਫੀਸਦੀ ਆਬਾਦੀ ਨੌਜਵਾਨਾਂ ਦੀ ਪੰਜਾਬ 'ਚ ਹੈ। ਇਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਬਿਨਾਂ ਕਿਸੇ ਦਾ ਨਾਂ ਲਏ ਸਿੱਧੂ ਨੇ ਕਿਹਾ ਕਿ ਉਹ ਭਰੋਸਾ ਦਿੰਦੇ ਹਨ ਕਿ ਕੈਪਟਨ ਸਾਹਿਬ ਦੀ ਯੋਗ ਅਗਵਾਈ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਠੋਕਣਗੇ। ਨਸ਼ਿਆਂ ਖਿਲਾਫ ਜਾਗਰੂਕ ਕਰਨ ਵਾਲੀ ਕੈਪਟਨ ਦੀ ਨੌਜਵਾਨ ਫੌਜ ਨੇ ਕਿਹਾ ਕਿ ਸਰਕਾਰ ਨੇ ਕੁਝ ਐਕਸ਼ਨ ਲਏ ਹਨ ਪਰ ਅਜੇ ਵੀ ਨਸ਼ਾ ਵਿਕ ਰਿਹਾ ਹੈ। ਨਸ਼ਾ ਕਰਨ ਵਾਲੇ ਫੜੇ ਜਾਂਦੇ ਹਨ ਤੇ ਫਿਰ ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।