ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀ ਸੱਤ ਅਕਤੂਬਰ ਨੂੰ ਪਟਿਆਲਾ ਵਿੱਚ ਰੈਲੀ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਵੀ ਉਸੇ ਦਿਨ ਬਾਦਲਾਂ ਦੇ ਜੱਦੀ ਹਲਕੇ ਲੰਬੀ ਵਿੱਚ ਆਪਣੀ ਰੈਲੀ ਰੱਖ ਲਈ ਹੈ। ਹਾਲਾਂਕਿ, ਕੈਪਟਨ ਨੇ ਬਠਿੰਡਾ ਵਿੱਚ ਰੈਲੀ ਕਰਨ ਦਾ ਐਲਾਨ ਪਹਿਲਾਂ ਕਰ ਦਿੱਤਾ ਸੀ ਪਰ ਥਾਂ ਨਹੀਂ ਸੀ ਤੈਅ ਕੀਤਾ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਬਾਰੇ ਰਿਪੋਰਟ ਤੇ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੋਵੇਂ ਪਾਰਟੀਆਂ ਵੱਡੀਆਂ ਰੈਲੀਆਂ ਕਰਨ ਜਾ ਰਹੀਆਂ ਹਨ। ਕਾਂਗਰਸ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਹਲਕੇ ਦੇ ਪਿੰਡ ਕਿੱਲਿਆਂਵਾਲੀ ਵਿੱਚ ਰੈਲੀ ਕਰਨ ਦਾ ਐਲਾਨ ਹੈ, ਜਦਕਿ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਹਲਕੇ ਪਟਿਆਲਾ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਬਾਦਲਾਂ ਦੀਆਂ ਮੁਕਤਸਰ ਤੇ ਫ਼ਰੀਦਕੋਟ ਵਿੱਚ ਦੋ ਰੈਲੀਆਂ ਦੇ ਜਵਾਬ ਵਿੱਚ ਪਿਛਲੇ ਹਫ਼ਤੇ ਹੀ ਬਠਿੰਡਾ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਸੀ। ਕਾਂਗਰਸੀਆਂ ਲਈ ਇਹ ਰੈਲੀ ਖ਼ਾਸ ਹੋ ਸਕਦੀ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਦੀ ਲੰਬੀ ਵਿੱਚ ਇਹ ਪਹਿਲੀ ਰੈਲੀ ਹੋਵੇਗੀ। ਬਾਦਲਾਂ ਨੇ ਆਪਣੀ ਰੈਲੀਆਂ ਵਿੱਚ ਕਾਂਗਰਸ ਉੱਪਰ ਜ਼ਬਰਦਸਤ ਸ਼ਬਦੀ ਹਮਲੇ ਕੀਤੇ ਸਨ ਤੇ ਪਾਰਟੀ 'ਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਾਇਆ ਸੀ। ਸਰਕਾਰ ਨੇ ਅਕਾਲੀਆਂ ਦੀ ਫ਼ਰੀਦਕੋਟ ਰੈਲੀ ਨੂੰ ਪ੍ਰਵਾਨਗੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਪਰ ਅਕਾਲੀ ਦਲ ਨੇ ਅਦਾਲਤ ਦਾ ਬੂਹਾ ਖੜਕਾਇਆ ਤੇ ਰੈਲੀ ਲਈ ਇਜਾਜ਼ਤ ਹਾਸਲ ਕਰ ਲਈ ਸੀ।