ਚੰਡੀਗੜ੍ਹ: ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਹੋਏ ਹਮਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ।ਅੱਜ ਮਲੋਟ ਵਿੱਚ ਕਿਸਾਨਾਂ ਵਲੋਂ ਪ੍ਰਦਰਸ਼ਨ ਦੌਰਾਨ ਇਹ ਘਟਨਾ ਵਾਪਰੀ।ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ੱਟ ਕੀਤਾ ਕਿ ਕਾਨੂੰਨ ਨੂੰ ਹੱਥਾਂ ਵਿਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ।ਉਨ੍ਹਾਂ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ।


ਕੈਪਟਨ ਨੇ ਜਿੱਥੇ ਕਿਸਾਨਾਂ ਨੂੰ ਅਜਿਹੀਆਂ ਹਿੰਸਾ ਦੀਆਂ ਘਟਨਾਵਾਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਸਥਿਤੀ ਨੂੰ ਹੋਰ ਵਧਣ ਤੋਂ ਰੋਕਣ ਅਤੇ ਖੇਤੀ ਕਾਨੂੰਨਾਂ ਸਬੰਧੀ ਮਸਲੇ ਦਾ ਤੁਰੰਤ ਹੱਲ ਕਰਨ।ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਹੱਥੋਪਾਈ ਵਿੱਚ ਗੁਰਮੇਲ ਸਿੰਘ ਪੀਪੀਐਸ, ਐਸ ਪੀ ਹੈਡਕੁਆਰਟਰ ਫਰੀਦਕੋਟ, ਪ੍ਰਦਰਸ਼ਨਕਾਰੀ ਭੀੜ ਤੋਂ ਵਿਧਾਇਕ ਨੂੰ ਬਚਾਉਣ ਅਤੇ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋ ਗਏ। ਉਸ ਦੇ ਸਿਰ 'ਤੇ ਵੀ ਇੱਕ ਡਾਂਘ ਵੱਜਾ, ਜਿਸ ਕਾਰਨ ਉਸਦੀ ਪੱਗ ਉੱਤਰ ਗਈ। ਉਸ ਨੂੰ ਮਲੋਟ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।


ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਵੀ ਇਸ ਵਿਰੋਧ ਦਾ ਸ਼ਿਕਾਰ ਹੋ ਗਏ।ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸਾਰੇ ਕੱਪੜੇ ਪਾੜ ਸੁੱਟੇ।ਇਸ ਘਟਨਾ ਮਗਰੋਂ ਸਿਆਸਤ ਵੀ ਗਰਮਾ ਗਈ ਹੈ ਅਤੇ ਵੱਖ-ਵੱਖ ਨੇਤਾ ਆਪਣੀ ਪ੍ਰਤੀਕਿਰਆ ਦੇ ਰਹੇ ਹਨ।


ਦੱਸ ਦਈਏ ਕਿ ਭਾਜਪਾ ਆਗੂਆਂ ਨੇ ਸੂਬੇ 'ਚ ਕਾਂਗਰਸ ਦੇ ਚਾਰ ਸਾਲ ਪੂਰੇ ਹੋਣ ਮਗਰੋਂ ਵੀ ਸਰਕਾਰ ਦੀ ਕਮੀਆਂ ਅਤੇ ਨਾਕਾਮੀਆਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ 'ਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਸ ਦੌਰਾਨ ਉਲਟਾ ਭਾਜਪਾ ਆਗੂਆਂ ਨੂੰ ਹੀ ਕਿਸਾਨਾਂ ਦੇ ਜੌਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਜਿਹੇ ਹੀ ਵਿਰੋਧ ਦੀ ਘਟਨਾ ਮਲੋਟ ਵਿੱਚ ਹੋਈ ਜਿਸ ਦਾ ਅਰੁਣ ਨਾਰੰਗ ਸ਼ਿਕਾਰ ਹੋ ਗਏ।ਭਾਜਪਾ ਦੇ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਵਲੋਂ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਕਿਸਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਭਾਜਪਾ ਦੇ ਦਫਤਰ ਬਾਹਰ ਧਰਨਾ ਦਿੱਤਾ।



ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਹੋਏ ਹਮਲੇ ਮਗਰੋਂ ਭਾਜਪਾ ਨੇਤਾ ਤਰੁਣ ਚੁੱਘ ਨੇ ਸੂਬਾ ਸਰਕਾਰ ਨੂੰ ਘੇਰਿਆ ਹੈ।ਚੁੱਘ ਨੇ ਕਿਹਾ, " ਕੈਪਟਨ ਸਰਕਾਰ ਲਾਅ ਐਂਡ ਆਰਡਰ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ। ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਵੀ ਫੇਲ ਰਹੀਆਂ ਹਨ।ਅੱਜ ਜੋ ਘੱਟਨਾ ਹੋਈ ਉਹ ਬਹੁਤ ਮੰਦਭਾਗੀ ਅਤੇ ਨਿੰਦਣਯੋਗ ਹੈ।ਪ੍ਰੈਸ ਕਾਂਨਫਰੰਸ ਕਰਨ ਜਾ ਰਹੇ ਬੀਜੇਪੀ ਵਿਧਾਇਕ ਨੂੰ ਕਿਸਾਨਾ ਦੇ ਭੇਸ ਵਿੱਚ ਯੂਥ ਕਾਂਗਰਸੀ ਵਰਕਰਾਂ ਨੇ ਕੁੱਟਿਆ ਅਤੇ ਕੱਪੜੇ ਤੱਕ ਪਾੜ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।"