ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਵੀਰਵਾਰ ਨੂੰ ਕਾਂਗਰਸ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ 'ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ ਨਾਲ ਹੀ ਕਾਂਗਰਸ ਸਰਕਾਰ ਨੇ ਇਹ ਵੀ ਕਬੂਲ ਹੀ ਲਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਕੁਝ ਵੀ ਨਹੀਂ ਹੋਇਆ। ਪਰਗਟ ਸਿੰਘ ਨੇ ਚਿੱਠੀ ਲਿਖ ਕੇ ਉਹੀ ਮੁੱਦੇ ਉਠਾਏ ਸਨ ਜਿਨ੍ਹਾਂ 'ਤੇ ਸਖਤ ਕਾਰਵਾਈ ਦਾ ਵਾਅਦਾ ਕਰਕੇ ਕਾਂਗਰਸ ਸੱਤਾ ਵਿੱਚ ਆਈ ਸੀ। ਹੁਣ ਕੈਪਟਨ ਨੇ ਇਨ੍ਹਾਂ ਮੁੱਦਿਆਂ 'ਤੇ ਕਾਰਵਾਈ ਦਾ ਭਰੋਸਾ ਦੇ ਕੇ ਸਵੀਕਾਰ ਲਿਆ ਹੈ ਕਿ ਉਹ ਤਿੰਨ ਸਾਲ ਇਹ ਸਭ ਭੁੱਲ ਚੁੱਕੇ ਸਨ।
ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਕੋਲੋਂ ਬਹੁਤ ਆਸਾਂ ਸਨ ਪਰ ਉਸ ਦਿਸ਼ਾ ਵਿੱਚ ਕੁਝ ਨਹੀਂ ਹੋ ਰਿਹਾ, ਜਿਸ ਕਰਕੇ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਮੁੱਦੇ ’ਤੇ ਐਸਟੀਐਫ ਮੁਖੀ ਦੀ ਰਿਪੋਰਟ ਤੇ ਇਕ ਹੋਰ ਪੁਲੀਸ ਅਧਿਕਾਰੀ ਦੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬੰਦ ਲਿਫਾਫੇ ਵਿੱਚ ਪਈ ਹੈ। ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ ਵਕੀਲ ਆਪਸੀ ਸਹਿਮਤੀ ਨਾਲ ਤਰੀਕਾਂ ਲੈ ਰਹੇ ਹਨ, ਅਜਿਹੀ ਸਥਿਤੀ ਵਿੱਚ ਕੀ ਇਨਸਾਫ ਹੋਵੇਗਾ? ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਫੌਰੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਹੀ ਹਾਲਾਤ ਹੋਰ ਮਾਮਲਿਆਂ ’ਤੇ ਬਣੇ ਹੋਏ ਹਨ। ਸ਼ਰਾਬ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਸਿੰਜਾਈ ਵਿਭਾਗ ਵਿੱਚ ਪਿਛਲੀ ਅਕਾਲੀ ਸਰਕਾਰ ਸਮੇਂ ਹੋਏ ਵੱਡੇ ਘੁਟਾਲੇ ਵਿੱਚ ਸ਼ਾਮਲ ਅਧਿਕਾਰੀਆਂ ਤੇ ਹੋਰ ਤੋਂ ਪੁੱਛ-ਪੜਤਾਲ ਨਹੀਂ ਕੀਤੀ ਗਈ। ਵਿਜੀਲੈਂਸ ਨੇ ਮਾਮਲੇ ਅੱਗੇ ਨਹੀਂ ਤੋਰੇ ਤੇ ਹਰ ਪਾਸੇ ਇਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਇਕੱਲਾ ਵਿਅਕਤੀ ਸਿੰਜਾਈ ਵਿਭਾਗ ਵਿੱਚ 1200 ਕਰੋੜ ਰੁਪਏ ਦਾ ਘਪਲਾ ਕਰ ਗਿਆ, ਕਿਸੇ ਹੋਰ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘਪਲੇ ਦੇ ਮੁਲਜ਼ਮ ਕੋਲੋਂ ਪੁੱਛ-ਪੜਤਾਲ ਕਰਨੀ ਚਾਹੀਦੀ ਸੀ। ਟਰਾਂਸਪੋਰਟ ਮਾਫੀਏ ਦੇ ਮਾਮਲੇ ਵਿਚ ਵੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹਨ। ਇਸ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।
ਪਰਗਟ ਸਿੰਘ ਨੇ ਕੈਪਟਨ ਨੂੰ ਸ਼ੀਸ਼ਾ ਵਿਖਾਉਂਦਿਆਂ ਕਿਹਾ ਕਿ ਤੁਸੀਂ ਪਿਛਲੇ ਦਿਨੀਂ ਹਿਟਲਰ ਬਾਰੇ ਪੁਸਤਕ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਸੀ। ਜੇਕਰ ਤੁਸੀਂ ਕਾਰਵਾਈ ਨਾ ਕੀਤੀ ਤਾਂ ਜਿਹੜੀ ਪਾਰਟੀ ਹਿਟਲਰ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ, ਉਹ ਹੀ ਦੋ ਸਾਲਾਂ ਬਾਅਦ ਪੰਜਾਬ ਵਿੱਚ ਆਵੇਗੀ। ਉਨ੍ਹਾਂ ਦਾ ਇਸ਼ਾਰਾ ਬੀਜੇਪੀ ਵੱਲ ਸੀ। ਬੇਸ਼ੱਕ ਪਹਿਲਾਂ ਵੀ ਕਈ ਲੀਡਰਾਂ ਨੇ ਅਜਿਹੇ ਹੀ ਸਵਾਲ ਆਪਣੀ ਹੀ ਸਰਕਾਰ ਉੱਪਰ ਉਠਾਏ ਹਨ ਪਰ ਪਰਗਟ ਸਿੰਘ ਦੇ ਐਕਸ਼ਨ ਨੇ ਕੈਪਟਨ ਸਰਕਾਰ ਨੂੰ ਹਿਲਾ ਦਿੱਤਾ ਹੈ। ਇਸ ਲਈ ਹੀ ਕੈਪਟਨ ਨੇ ਤੁਰੰਤ ਉਨ੍ਹਾਂ ਨੂੰ ਚੰਡੀਗੜ੍ਹ ਬੁਲਾਇਆ ਤੇ ਗੱਲ਼ਬਾਤ ਕੀਤੀ।
ਅਜਿਹੇ ਵਿੱਚ ਜਦੋਂ ਕੈਪਟਨ ਪਰਗਟ ਸਿੰਘ ਨੂੰ ਕਾਰਵਾਈ ਦਾ ਭਰੋਸਾ ਦੇ ਰਹੇ ਸੀ ਤਾਂ ਨਾਲ ਹੀ ਇਹ ਗੱਲ ਸਵੀਕਾਰ ਕਰ ਰਹੇ ਸੀ ਕਿ ਉਨ੍ਹਾਂ ਨੇ ਅਜੇ ਤੱਕ ਇਨ੍ਹਾਂ ਮਾਮਲਿਆਂ 'ਤੇ ਕੁਝ ਨਹੀਂ ਕੀਤਾ। ਪਰਗਟ ਸਿੰਘ ਦੇ ਐਕਸ਼ਨ ਨੇ ਕਾਂਗਰਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਚਰਚਾ ਹੈ ਕਿ ਇਸ ਮਗਰੋਂ ਕਾਂਗਰਸ ਦੇ ਬਹੁਤੇ ਲੀਡਰ ਖੁਸ਼ ਹਨ ਕਿਉਂਕਿ ਉਹ ਵੀ ਅਜਿਹਾ ਹੀ ਸੋਚਦੇ ਹਨ ਪਰ ਉਨ੍ਹਾਂ ਨੇ ਕਦੇ ਜ਼ੇਰਾ ਨਹੀਂ ਵਿਖਾਇਆ।
ਕੈਪਟਨ ਦਾ ਕਬੂਲਨਾਮਾ! ਤਿੰਨ ਸਾਲ ਨਹੀਂ ਹੋ ਸਕੀ ਕੋਈ ਕਾਰਵਾਈ
ਏਬੀਪੀ ਸਾਂਝਾ
Updated at:
21 Feb 2020 01:35 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਸ਼ੱਕ ਵੀਰਵਾਰ ਨੂੰ ਕਾਂਗਰਸ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ 'ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ ਨਾਲ ਹੀ ਕਾਂਗਰਸ ਸਰਕਾਰ ਨੇ ਇਹ ਵੀ ਮੰਨ ਹੀ ਲਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਕੁਝ ਵੀ ਨਹੀਂ ਹੋਇਆ। ਪਰਗਟ ਸਿੰਘ ਨੇ ਚਿੱਠੀ ਲਿਖ ਕੇ ਉਹੀ ਮੁੱਦੇ ਉਠਾਏ ਸਨ ਜਿਨ੍ਹਾਂ 'ਤੇ ਸਖਤ ਕਾਰਵਾਈ ਦਾ ਵਾਅਦਾ ਕਰਕੇ ਕਾਂਗਰਸ ਸੱਤਾ ਵਿੱਚ ਆਈ ਸੀ। ਹੁਣ ਕੈਪਟਨ ਨੇ ਇਨ੍ਹਾਂ ਮੁੱਦਿਆਂ 'ਤੇ ਕਾਰਵਾਈ ਦਾ ਭਰੋਸਾ ਦੇ ਕੇ ਸਵੀਕਾਰ ਲਿਆ ਹੈ ਕਿ ਉਹ ਤਿੰਨ ਸਾਲ ਇਹ ਸਭ ਭੁੱਲ ਚੁੱਕੇ ਸਨ।
- - - - - - - - - Advertisement - - - - - - - - -