ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੇ ਕੇਵਲ 590 ਕਰੋੜ ਰੁਪਏ ਦਾ ਕਰਜ਼ਾ ਮੁਆਫੀ ਦੇ ਫੈਸਲੇ ਨੂੰ ਵਿਧਾਨ ਸਭਾ ਚੋਣਾਂ ਦੇਖਦਿਆਂ 'ਗੋਗਲੂਆਂ ਤੋਂ ਮਿੱਟੀ ਝਾੜਨਾ' ਕਰਾਰ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿੱਚ ਕਰਜਾ ਮੁਆਫੀ ਦੇ ਫੈਸਲੇ ਹੀ ਕੀਤੇ ਹਨ, ਪਰ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੀ ਥਾਂਈਂ ਕਾਂਗਰਸੀਆਂ ਦੇ ਹੀ ਕਰਜੇ ਮੁਆਫ ਕੀਤੇ ਹਨ।
ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾ ਵੇਲੇ ਪੰਜਾਬ ਦੇ ਕਿਸਾਨਾਂ, ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਕੈਬਨਿਟ ਦੀ ਪਹਿਲੀ ਮੀਟਿੰਗ 'ਚ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਦੀ ਗੱਲ ਕਿ ਕਾਂਗਰਸ ਸਰਕਾਰ ਦਾ ਸਮਾਂ ਖ਼ਤਮ ਹੋ ਰਿਹਾ ਹੈ ਅਤੇੇ ਮੁੱਖ ਮੰਤਰੀ ਕਰਜ਼ਾ ਮੁਆਫੀ ਦੇ ਫੈਸਲੇ ਹੀ ਕਰ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 2 ਲੱਖ 85 ਹਜਾਰ ਤੋਂ ਵੱਧ ਦੇ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਨਾਨ ਕੀਤਾ 'ਜੋ ਊਠ ਦੇ ਮੂੰਹ ਜੀਰਾ ਦੇਣ' ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਇੱਕ ਸਰਵੇਖਣ ਦੀ ਰਿਪੋਰਟ ਅਨੁਸਾਰ ਸੂਬੇ ਵਿੱਚ ਇੱਕ ਖੇਤ ਮਜਦੂਰ ਪਰਿਵਾਰ ਦੇ ਸਿਰ 77,000 ਰੁਪਏ ਦਾ ਕਰਜਾ ਹੈ, ਪਰ ਕਾਂਗਰਸ ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ ਇੱਕ ਖੇਤ ਮਜਦੂਰ ਪਰਿਵਾਰ ਦਾ ਕੇਵਲ 20,000 ਰੁਪਏ ਦਾ ਕਰਜਾ ਹੀ ਮੁਆਫ ਹੋਵੇਗਾ ਅਤੇ ਪਰਿਵਾਰ ਦੇ ਸਿਰ 'ਤੇ ਕਰੀਬ 57,000 ਰੁਪਏ ਦੇ ਕਰਜੇ ਦੀ ਤਲਵਾਰ ਲਟਕੀ ਰਹੇਗੀ।
ਇਸ ਕਰਜ਼ਾ ਮੁਆਫੀ ਦੇ ਐਲਾਨ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਵਾਂ ਘੋਟਾਲਾ ਕਹਿੰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿੱਚੋਂ ਵਸੂਲੀ ਜਾਂਦੀ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਵਿੱਚ ਇੱਕ ਇੱਕ ਫੀਸਦੀ ਵਾਧਾ ਕੀਤਾ ਸੀ। ਇਸ ਵਾਧੇ ਨਾਲ ਕੈਪਟਨ ਸਰਕਾਰ ਨੇ ਖੇਤ ਮਜਦੂਰਾਂ ਦੇ ਕਰਜਾ ਮੁਆਫੀ ਦੇ ਨਾਂਅ ਮੰਡੀ ਬੋਰਡ ਤੋਂ 700 ਕਰੋੜ ਇੱਕਠੇ ਕੀਤੇ, ਪਰ ਕਰਜ਼ਾ ਕੇਵਲ 590 ਕਰੋੜ ਦਾ ਹੀ ਮੁਆਫ ਕੀਤਾ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਬੀਤ ਜਾਣ 'ਤੇ ਮਜਦੂਰ ਪਰਿਵਾਰ ਦਾ ਕੇਵਲ 20,000 ਰੁਪਏ ਦਾ ਕਰਜਾ ਮੁਆਫ ਕੀਤਾ, ਜਦੋਂ ਕਿ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਰੀਬ 80 ਲੱਖ ਦਾ ਕਰਜਾ ਚਾਰ ਸਾਲ ਪਹਿਲਾਂ ਹੀ ਮੁਆਫ ਕਰ ਦਿੱਤਾ ਸੀ। ਜਿਸ ਤੋਂ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਸਹੂਲਤਾਂ ਦੇਣ ਵਿੱਚ ਮਜਦੂਰਾਂ ਅਤੇ ਕਿਸਾਨਾਂ ਨਾਲ ਪੱਖਪਾਤ ਕਰਦੀ ਹੈ। ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਮੁੱਖ ਮੰਤਰੀ ਆਪਣੇ ਵਾਅਦੇ ਅਨੁਸਾਰ ਕਿਸਾਨਾਂ, ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਪੂਰੀ ਤਰ੍ਹਾਂ ਮੁਆਫ ਕਰਨ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ ਵਿਪ ਦਾ ਸਮਰਥਨ ਕਰੇਗੀ ਆਪ- ਭਗਵੰਤ ਮਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904