ਜਲੰਧਰ : ਪਿਛਲੇ ਦਿਨੀਂ ਹਸਪਤਾਲ 'ਚ ਨਰਸ ਦੀ ਮੌਤ ਦੇ ਮਾਮਲੇ ਨੂੰ ਜਲੰਧਰ ਪੁਲਿਸ ਨੇ 24 ਘੰਟਿਆਂ 'ਚ ਸੁਲਝਾ ਲਿਆ ਹੈ। ਪੁਲਿਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਨਗਰ ਕੌਾਸਲ 'ਚ ਬਾਗਬਾਨੀ ਦਾ ਕੰਮ ਕਰਦੇ ਸਤਿਗੁਰ ਸਿੰਘ ਨਾਲ ਰੰਜਿਸ਼ ਕਾਰਨ ਮੌਤ ਹੋ ਗਈ ਸੀ। ਜਿਸ ਨੂੰ ਸੀਆਈਏ ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ।



ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਪਰਲ ਹਸਪਤਾਲ 'ਚ ਹੋਏ ਕਾਤਲਾਨਾ ਹਮਲੇ 'ਚ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਨੰਬਰ 6 'ਚ ਅਣਪਛਾਤੇ ਵਿਅਕਤੀ ਦੇ ਨਾਮ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ 'ਚ ਸੀਆਈਏ ਸਟਾਫ ਨੂੰ ਸੌਂਪੀ ਗਈ।



ਜਿਸ 'ਤੇ ਉਨ੍ਹਾਂ ਨੇ ਤਕਨੀਕੀ ਤਰੀਕੇ ਨਾਲ ਕੰਮ ਕਰਦੇ ਹੋਏ 24 ਘੰਟਿਆਂ 'ਚ ਮਾਮਲੇ ਨੂੰ ਹੱਲ ਕਰ ਲਿਆ ਹੈ। ਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜੋਸ਼ੀ ਨੇ ਦੱਸਿਆ ਕਿ ਨਰਸ ਬਲਜੀਤ ਕੌਰ ਨੇ ਹਮਲਾਵਰ ਸਤਿਗੁਰ ਸਿੰਘ ਨਾਲ ਸੋਸ਼ਲ ਮੀਡੀਆ ਰਾਹੀਂ ਮੁਲਾਕਾਤ ਕੀਤੀ ਸੀ ਜੋ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ 'ਚ ਬਾਗਬਾਨੀ ਦਾ ਕੰਮ ਕਰਦਾ ਹੈ, ਉਸ ਦੀ ਕੁਝ ਦਿਨ ਪਹਿਲਾਂ ਉਸ ਨਾਲ ਤਕਰਾਰ ਹੋ ਗਈ ਸੀ ਅਤੇ ਗੁੱਸੇ 'ਚ ਉਹ ਰਾਤ ਨੂੰ ਜਲੰਧਰ ਲਈ ਰਵਾਨਾ ਹੋ ਗਿਆ।


ਹਸਪਤਾਲ ਪਹੁੰਚਣ ਤੋਂ ਬਾਅਦ ਬਲਜੀਤ ਕੌਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਉਸ ਦੀ ਸਹੇਲੀ ਜੋ ਨਾਲ ਸੀ ਉਸ 'ਤੇ ਵੀ ਹਮਲਾ ਕਰ ਕੇ ਉਥੋਂ ਫਰਾਰ ਹੋ ਗਿਆ। ਸੀਪੀ ਨੇ ਦੱਸਿਆ ਕਿ ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਮਾਮਲੇ ਦੀ ਤਹਿ ਤਕ ਪਹੁੰਚਿਆ ਜਾ ਸਕੇ।


ਦੱਸ ਦਈਏ ਕਿ ਜਲੰਧਰ 'ਚ ਵੀਰਵਾਰ ਨੂੰ ਤੜਕੇ ਢਾਈ ਵਜੇ ਦੇ ਕਰੀਬ ਥਾਣਾ ਨੰ-6 ਨੇੜੇ ਸੰਘਾ ਚੌਕ ਕੋਲ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੀ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਹੋਸਟਲ ਦੀ ਤੀਜੀ ਮੰਜ਼ਲ 'ਤੇ ਦੋ ਨੌਜਵਾਨ ਤਲਵਾਰਾਂ ਲੈ ਕੇ ਦਾਖਲ ਹੋਏ ਸੀ ਤੇ ਨਰਸਾਂ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਸੀ। ਇਸ ਕਾਰਨ ਬਲਜਿੰਦਰ ਕੌਰ ਵਾਸੀ ਬਿਆਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਫਗਵਾੜਾ ਦੀ ਜੋਤੀ ਜ਼ਖਮੀ ਹੋ ਗਈ ਸੀ। ਦੋਵੇਂ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ ਸੀ।