ਚੰਡੀਗੜ੍ਹ: ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਕਸੂਤੇ ਘਿਰ ਗਏ ਹਨ। ਪੰਜਾਬ ਪੁਲਿਸ ਨੇ ਕਥਿਤ 'ਨਫ਼ਰਤ ਵਾਲੇ ਭਾਸ਼ਨ' ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਮੁਸਤਫਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ 'ਤੇ ਕੁਝ ਦਿਨ ਪਹਿਲਾਂ ਮਾਲੇਰ ਕੋਟਲਾ 'ਚ ਨਫਰਤ ਭਰਿਆ ਭਾਸ਼ਨ ਦੇਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਭਾਈਚਾਰਿਆਂ ਵਿੱਚ ਨਫਰਤ ਪੈਦਾ ਕਰਨ ਦਾ ਕੇਸ ਹੈ ਤੇ ਪੁਲਿਸ ਨੇ ਉਨ੍ਹਾਂ 'ਤੇ ਧਾਰਾ 153-ਏ ਲਗਾ ਦਿੱਤੀ ਹੈ।
ਕੇਸ ਥਾਣਾ ਸਿਟੀ ਮਾਲੇਰਕੋਟਲਾ ਦੇ ਇੰਸਪੈਕਟਰ ਕਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਦਰਜ ਕੇਸ ਦਾ ਜ਼ਿਕਰ ਨਹੀਂ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਵੀਡੀਓ ਦਾ ਨੋਟਿਸ ਲਿਆ ਹੈ ਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ।
ਉਧਰ, ਮੁਸਤਫਾ ਨੇ ਇਸ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ,‘ਮੈਂ ਹਿੰਦੂਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਿਵੇਂ ਕਿ ਸੋਸ਼ਲ ਮੀਡੀਆ 'ਤੇ ਦੋਸ਼ ਲਾਇਆ ਜਾ ਰਿਹਾ ਹੈ। ਮੈਂ 'ਫਿਟਨੇ' ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਦਾ ਅਰਥ ਹੈ ਕਾਨੂੰਨ ਤੋੜਨ ਵਾਲੇ। ਮੈਂ ਮੁਸਲਮਾਨਾਂ ਦੇ ਇੱਕ ਸਮੂਹ ਤੋਂ ਗੁੱਸੇ ਸੀ, ਜਿਸ ਨੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਉਨ੍ਹਾਂ ਨੂੰ ਚੇਤਾਵਨੀ ਦੇ ਰਿਹਾ ਸੀ, ਹਿੰਦੂਆਂ ਨੂੰ ਨਹੀਂ।’
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904