ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਭਰ ਵਿਚ ਵਿਸ਼ੇਸ਼ ਜਾਂਚ ਅਭਿਆਨ 'ਕਾਸੋ' ਚਲਾਇਆ ਗਿਆ। ਇਸ ਅਭਿਆਨ ਦੀ ਅਗਵਾਈ ਏ.ਡੀ.ਜੀ.ਪੀ ਜੀ. ਨਾਗੇਸ਼ਵਰ ਰਾਓ ਨੇ ਕੀਤੀ ਅਤੇ ਜ਼ਿਲ੍ਹੇ ਦੇ ਐਸ.ਐਸ.ਪੀ ਡਾ. ਮਹਿਤਾਬ ਸਿੰਘ ਵੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਨਾਲ ਰਹੇ। ਇਸ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਧੰਦੇ ਵਿਚ ਪਹਿਲਾਂ ਸ਼ਾਮਿਲ ਰਹੇ ਵਿਅਕਤੀਆਂ, ਡਰੱਗ ਹਾਟਸਪੋਟ ਪਿੰਡਾਂ ਤੇ ਵਾਰਡਾਂ ਵਿਚ ਚੋਰੀ, ਲੁੱਟਾਂ-ਖੋਹਾ, ਡਕੈਤੀ, ਜ਼ਬਰੀ ਵਸੂਲੀ ਦੇ ਦੋਸ਼ੀਆਂ, ਐਸ.ਐਫ.ਐਸ ਨਾਲ ਸਬੰਧਤ ਵਿਅਕਤੀਆਂ, ਗੈਂਗਸਟਰਾਂ ਦੇ ਘਰਾਂ ਦੀ ਘੇਰਾਬੰਦੀ ਕਰਕੇ ਸਰਚ ਕਰਵਾਈ ਗਈ।
ਇਸ ਦੌਰਾਨ ਐਸ.ਐਸ.ਪੀ ਡਾ. ਮਹਿਤਾਬ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਚੋਰੀ, ਲੁੱਟਾਂ-ਖੋਹਾਂ ਤੇ ਡਕੈਤੀ ਰੋਕਣ, ਗੈਂਗਸ਼ਟਰਾਂ 'ਤੇ ਕਾਰਵਾਈ ਕਰਨ, ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਏ.ਡੀ.ਜੀ.ਪੀ ਜੀ. ਨਾਗੇਸ਼ਵਰ ਰਾਓ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ 'ਕੋਰਡਨ ਐਂਡ ਸਰਚ ਆਪਰੇਸ਼ਨ' (ਕਾਸੋ) ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਵਿਚ ਇਕ ਐਸ.ਪੀ, 8 ਡੀ.ਐਸ.ਪੀਜ਼ ਸਮੇਤ 303 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਜ਼ਿਲ੍ਹੇ ਦੇ ਡਰੱਗ ਹਾਟਸਪੋਟ ਪਿੰਡਾਂ/ਵਾਰਡਾਂ ਵਿਚ ਚੇਰੀ, ਡਕੈਤੀ, ਲੁੱਟਾਂ-ਖੋਹਾਂ, ਜ਼ਬਰੀ ਵਸੂਲੀ, ਗੈਂਗਸ਼ਟਰਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਦੋਸ਼ੀਆਂ ਅਤੇ ਐਸ.ਐਫ.ਐਸ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ਨੂੰ ਘੇਰਾਬੰਦੀ ਕਰਕੇ ਸਰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਿਲ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚੋਂ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਖਤਮ ਕਰਨਾ, ਗੈਗਸਟਰਾਂ ਨੂੰ ਨੱਥ ਪਾਉਣਾ, ਨਸ਼ਾ ਤਸਕਰਾਂ ਨੂੰ ਕਾਬੂ ਕਰਨਾ, ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਓ ਬਣਾਈ ਰੱਖਣਾ, ਉਨ੍ਹਾਂ ਦੀਆਂ ਮੌਜੂਦਾ ਗਤੀਵਿਧੀਆਂ 'ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨਾ ਅਤੇ ਆਮ ਪਬਲਿਕ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ। ਉਨ੍ਹਾਂ ਨੇ ਇਸ ਮੁਹਿੰਮ ਵਿਚ ਪੁਲਿਸ ਦਾ ਸਹਿਯੋਗ ਦੇਣ ਲਈ ਪਬਲਿਕ ਨੂੰ ਅਪੀਲ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 343 ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਅਤੇ ਨੌ ਮੁਕਦਮੇ ਦਰਜ ਕਰਕੇ ਨੌ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 5 ਗ੍ਰਾਮ ਹੈਰੋਇਨ, 78000 ਮਿਲੀ ਲੀਟਰ ਨਾਜਾਇਜ਼ ਸ਼ਰਾਬ ਅਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ।